ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 30 ਜੂਨ
ਵਿਦਿਆਰਥੀਆਂ ਨੂੰ ਵਿਦੇਸ਼ ਭੇਜਣ ਦੇ ਨਾਮ ’ਤੇ ਜਾਅਲੀ ਵੀਜ਼ੇ ਲਗਾ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲਾ ਟਰੈਵਲ ਏਜੰਟ (ਅਧਿਕਾਰੀ ਦੇ ਪੁੱਤਰ) ਹਰਪ੍ਰੀਤ ਸਿੰਘ ਚੋਪੜਾ ਵਾਸੀ ਲੁਧਿਆਣਾ ਨੂੰ ਮਾਛੀਵਾੜਾ ਪੁਲੀਸ ਨੇ ਆਖਰ 4 ਸਾਲ ਬਾਅਦ ਕਾਬੂ ਕਰ ਲਿਆ ਹੈ।
ਅੱਜ ਪ੍ਰੈੱਸ ਕਾਨਫਰੰਸ ਦੌਰਾਨ ਮਾਛੀਵਾੜਾ ਥਾਣਾ ਦੀ ਮੁਖੀ ਡੀਐੱਸਪੀ ਮਨਦੀਪ ਕੌਰ ਨੇ ਦੱਸਿਆ ਕਿ ਸਾਲ 2019 ਵਿੱਚ ਮਾਛੀਵਾੜਾ ਦੀ ਨਿਵਾਸੀ ਰੀਨਾ ਵਰਮਾ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਮੁਲਜ਼ਮ ਨੇ ਉਸ ਦੇ ਆਇਲੈਟਸ ਕੋਚਿੰਗ ਸੈਂਟਰ ਦੇ ਵਿਦਿਆਰਥੀਆਂ ਨੂੰ ਵਿਦੇਸ਼ ਵਿੱਚ ਸਟੱਡੀ, ਵਰਕ ਪਰਮਿਟ ਅਤੇ ਟੂਰਿਸਟ ਵੀਜ਼ੇ ’ਤੇ ਬਾਹਰ ਭੇਜਣ ਦਾ ਬਾਰੇ ਦੱਸਿਆ। ਟਰੈਵਲ ਏਜੰਟ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਸਦਾ ਦਫ਼ਤਰ ਲੁਧਿਆਣਾ ਵਿੱਚ ਹੈ ਅਤੇ ਉਹ ਵਿਦਿਆਰਥੀਆਂ ਦਾ ਸ਼ਰਤੀਆ ਵੀਜ਼ਾ ਲਗਵਾ ਦੇਣਗੇ।
8 ਵਿਦਿਆਰਥੀਆਂ ਨੇ ਟਰੈਵਲ ਏਜੰਟ ਹਰਪ੍ਰੀਤ ਸਿੰਘ ਚੋਪੜਾ ਨਾਲ ਗੱਲਬਾਤ ਕਰ ਕੇ 35 ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਦੇ ਦਿੱਤੀ ਅਤੇ ਪਾਸਪੋਰਟ ਲੈ ਕੇ ਵਾਅਦਾ ਕੀਤਾ ਗਿਆ ਕਿ 6 ਮਹੀਨਿਆਂ ’ਚ ਉਨ੍ਹਾਂ ਦਾ ਵੀਜ਼ਾ ਲੱਗ ਜਾਵੇਗਾ। ਟਰੈਵਲ ਏਜੰਟ ਨੇ ਵਿਦਿਆਰਥੀਆਂ ਦਾ ਨਕਲੀ ਵੀਜ਼ਾ ਤੇ ਟਿਕਟਾਂ ਭੇਜ ਦਿੱਤੀਆਂ। ਵਿਦਿਆਰਥੀਆਂ ਦੇ ਮਾਪਿਆਂ ਨੇ ਜਦੋਂ ਟਰੈਵਲ ਏਜੰਟ ਦੇੇ ਘਰ ਜਾ ਕੇ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਉਹ ਵਿਦਿਆਰਥੀਆਂ ਦੇ ਵੀਜ਼ੇ ਲਗਵਾਉਣ ਤੋਂ ਅਸਮਰੱਥ ਹੈ ਜਿਸ ਲਈ ਉਹ ਪੈਸੇ ਵਾਪਸ ਕਰ ਦੇਵੇਗਾ ਜਿਸ ’ਤੇ ਉਸਨੇ 2 ਚੈੱਕ ਦਿੱਤੇ ਜੋ ਕਿ ਬਾਊਂਸ ਹੋ ਗਏ। ਸ਼ਿਕਾਇਤਕਰਤਾ ਰੀਨਾ ਵਰਮਾ ਅਨੁਸਾਰ ਹਰਪ੍ਰੀਤ ਸਿੰਘ ਦਾ ਪਿਤਾ ਇੱਕ ਪੁਲੀਸ ਅਧਿਕਾਰੀ ਹੈ ਜਿਸ ਨੇ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ। ਪੁਲੀਸ ਵੱਲੋਂ ਸਾਲ 2019 ਵਿਚ ਹਰਪ੍ਰੀਤ ਸਿੰਘ ਖਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਗਿਆ ਸੀ ਜੋ ਕਿ ਫ਼ਰਾਰ ਚੱਲਿਆ ਆ ਰਿਹਾ ਸੀ। ਇੱਥੋਂ ਤੱਕ ਮਾਣਯੋਗ ਅਦਾਲਤ ਵਲੋਂ ਉਸ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ। ਡੀਐੱਸਪੀ ਮਨਦੀਪ ਕੌਰ ਨੇ ਦੱਸਿਆ ਕਿ 4 ਸਾਲ ਬਾਅਦ ਹਰਪ੍ਰੀਤ ਸਿੰਘ ਚੋਪੜਾ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਅੱਜ ਉਸ ਨੂੰ ਅਦਾਲਤ ਵਿੱਚ ਪੇਸ਼ ਕਰ ਰਿਮਾਂਡ ਲਿਆ ਜਾਵੇਗਾ। 4 ਸਾਲ ਬਾਅਦ ਕਥਿਤ ਦੋਸ਼ੀ ਟਰੈਵਲ ਏਜੰਟ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਧੋਖਾਧੜੀ ਦਾ ਸ਼ਿਕਾਰ ਹੋਏ ਵਿਦਿਆਰਥੀਆਂ ਨੂੰ ਹੁਣ ਇਨਸਾਫ਼ ਦੀ ਆਸ ਬੱਝੀ ਹੈ।