ਮਾਛੀਵਾੜਾ (ਗੁਰਦੀਪ ਟੱਕਰ): ਮਾਛੀਵਾੜਾ ਤੋਂ ਤਿੰਨ ਕਿਲੋਮੀਟਰ ਦੂਰ ਵਗਦੀ ਸਰਹਿੰਦ ਨਹਿਰ ਦਾ ਗੜ੍ਹੀ ਪੁਲ ਸਲੈਬਾਂ ਟੁੱਟਣ ਕਾਰਨ ਕਈ ਵਾਰ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣਿਆ ਤੇ ਹੁਣ ਫਿਰ ਥੋੜੇ ਜਿਹੇ ਮੀਂਹ ਤੋਂ ਬਾਅਦ ਹੀ ਇਸ ਨੂੰ ਖ਼ੋਰਾ ਲੱਗਣ ਲੱਗ ਪਿਆ ਹੈ। ਜੰਮੂ-ਕਸ਼ਮੀਰ ਨੂੰ ਦਿੱਲੀ ਨਾਲ ਜੋੜਦੇ ਖੰਨਾ-ਨਵਾਂਸ਼ਹਿਰ ਮਾਰਗ ’ਤੇ ਸਰਹਿੰਦ ਨਹਿਰ ਉਪਰ ਬਣਿਆ ਇਹ ਪੁਲ ਬੜਾ ਹੀ ਮਹੱਤਵਪੂਰਨ ਹੈ ਪਰ ਹਰੇਕ ਸਾਲ ਮੀਹਾਂ ਦੇ ਦਿਨਾਂ ’ਚ ਇਸ ਪੁਲ ਦੀ ਗੁਣਵੱਤਾ ’ਤੇ ਸਵਾਲ ਉੱਠਣੇ ਸ਼ੁਰੂ ਹੋ ਜਾਂਦੇ ਹਨ। ਬੀਤੀ ਰਾਤ ਪਏ ਮੀਂਹ ਕਾਰਨ ਇਸ ਪੁਲ ਦੀਆਂ ਸਲੈਬਾਂ ਖੁਰਨੀਆਂ ਤੇ ਪੁਲ ਹੇਠੋਂ ਇੱਟਾਂ ਖਿਸਕਣੀਆਂ ਸ਼ੁਰੂ ਹੋ ਗਈਆਂ ਹਨ। ਬੇਸ਼ੱਕ ਲੋਕ ਨਿਰਮਾਣ ਵਿਭਾਗ ਵੱਲੋਂ ਹਰ ਸਾਲ ਕਦੇ ਟੁੱਟੀਆਂ ਸਲੈਬਾਂ ਤੇ ਕਦੇ ਖ਼ੋਰਾ ਲੱਗਦੀ ਮਿੱਟੀ ਨੂੰ ਬਚਾਉਣ ਲਈ ਬੋਰੀਆਂ ਤੇ ਸੀਮਿੰਟ ਲਗਾ ਕੇ ਖਾਨਾਪੂਰਤੀ ਕਰ ਦਿੱਤੀ ਜਾਂਦੀ ਹੈ ਪਰ ਜੇ ਆਉਣ ਵਾਲੇ ਸਮੇਂ ’ਚ ਸੁਚੱਜੇ ਢੰਗ ਨਾਲ ਪੁਲ ਦੀ ਮੁਰੰਮਤ ਨਾ ਕੀਤੀ ਗਈ ਤਾਂ ਵੱਡਾ ਹਾਦਸਾ ਵਾਪਰ ਸਕਦਾ ਹੈ। ਫਿਲਹਾਲ ਅੱਜ ਐਤਵਾਰ ਹੋਣ ਕਰਕੇ ਕੋਈ ਵੀ ਅਧਿਕਾਰੀ ਮੌਕਾ ਦੇਖਣ ਨਹੀਂ ਆਇਆ।