ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 29 ਜੁਲਾਈ
ਨਗਰ ਸੁਧਾਰ ਟਰੱਸਟ ’ਚ ਕਰੋੜਾਂ ਰੁਪਏ ਦੇ ਘੁਟਾਲੇ ’ਚ ਨਾਮਜ਼ਦ ਕੀਤੇ ਗਏ ਸਾਬਕਾ ਚੇਅਰਮੈਨ ਰਮਨ ਬਾਲਾ ਸੁਬਰਾਮਨੀਅਮ ’ਤੇ ਕੇਸ ਦਰਜ ਹੋਣ ਤੋਂ 24 ਘੰਟੇ ਬਾਅਦ ਵੀ ਉਨ੍ਹਾਂ ਦੀ ਕੋਈ ਉੱਘ-ਸੁੱਘ ਨਹੀਂ ਹੈ। ਹਾਲਾਂਕਿ ਵਿਜੀਲੈਂਸ ਬਿਊਰੋ ਦੇ ਵੱਲੋਂ ਰਮਨ ਬਾਲਾ ਸੁਬਰਾਮਨੀਅਮ ਨੂੰ ਗ੍ਰਿਫ਼ਤਾਰ ਕਰਨ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ। ਸੂਤਰ ਦੱਸਦੇ ਹਨ ਕਿ ਚੇਅਰਮੈਨ ਕੇਸ ਦਰਜ ਹੋਣ ਤੋਂ ਪਹਿਲਾਂ ਹੀ ਸ਼ਹਿਰ ਛੱਡ ਕੇ ਫ਼ਰਾਰ ਹੋ ਚੁੱਕਾ ਸੀ, ਜਿਸਨੂੰ ਗ੍ਰਿਫ਼ਤਾਰ ਕਰਨ ਲਈ ਵਿਜੀਲੈਂਸ ਦੀਆਂ ਟੀਮਾਂ ਪਿੱਛੇ ਨਿਕਲ ਚੁੱਕੀਆਂ ਹਨ। ਉਧਰ, ਇਸ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਚੇਅਰਮੈਨ ਦੇ ਪੀਏ ਸੰਦੀਪ ਨੂੰ ਅੱਜ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੇ ਵਿਜੀਲੈਂਸ ਨੇ ਪੀਏ ਸੰਦੀਪ ਦਾ 7 ਦਿਨਾਂ ਰਿਮਾਂਡ ਮੰਗਿਆ ਸੀ, ਪਰ ਦੋਹਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸੰਦੀਪ ਨੂੰ 3 ਦਿਨਾਂ ਰਿਮਾਂਡ ’ਤੇ ਭੇਜ ਦਿੱਤਾ ਗਿਆ। ਵਿਜੀਲੈਂਸ ਦੀ ਟੀਮ ਵੱਲੋਂ ਹੁਣ ਸੰਦੀਪ ਤੋਂ ਪੁੱਛ ਪੜਤਾਲ ਕੀਤੀ ਜਾਵੇਗੀ ਜਿਸ ਵਿੱਚ ਵੱਡੇ ਖੁਲਾਸੇ ਹੋ ਸਕਦੇ ਹਨ।
ਦੱਸਣਯੋਗ ਹੈ ਕਿ ਨਗਰ ਸੁਧਾਰ ਟਰੱਸਟ ਦੀ ਈਓ ਕੁਲਜੀਤ ਕੌਰ ਨੂੰ ਵਿਜੀਲੈਂਸ ਦੀ ਟੀਮ ਨੇ 14 ਜੁਲਾਈ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਸੀ। ਜਿਸ ਮਗਰੋਂ ਕਿਆਸ ਲੱਗ ਗਏ ਸਨ ਕਿ ਹੁਣ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਰਮਨ ਬਾਲਾ ਸੁਬਰਾਮਨੀਅਮ ਦੇ ਨਾਲ ਨਾਲ ਕਈ ਅਧਿਕਾਰੀਆਂ ਨੂੰ ਜਲਦੀ ਹੀ ਗਾਜ ਡਿੱਗ ਸਕਦੀ ਹੈ। ਵਿਜੀਲੈਂਸ ਨੂੰ ਸਬੂਤ ਮਿਲ ਚੁੱਕੇ ਸਨ ਕਿ ਪਲਾਟਾਂ ਦੀ ਅਲਾਟਮੈਂਟ ਕਰਨ ਨੂੰ ਲੈ ਕੇ ਕੀਤੇ ਗਏ ਘੁਟਾਲੇ ’ਚ ਸਾਬਕਾ ਚੇਅਰਮੈਨ ਸਮੇਤ ਕਈ ਲੋਕ ਸ਼ਾਮਲ ਹਨ। ਵਿਜੀਲੈਂਸ ਦੀ ਟੀਮ ਨੇ 14 ਦਿਨ ਦੀ ਜਾਂਚ ਤੋਂ ਬਾਅਦ ਵੀਰਵਾਰ ਦੀ ਸ਼ਾਮ ਨੂੰ ਸਾਬਕਾ ਚੇਅਰਮੈਨ ਰਮਨ ਬਾਲਾ ਸੁਬਰਾਮਨੀਅਮ, ਈਓ ਕੁਲਜੀਤ ਕੌਰ, ਸੇਲਜ਼ ਕਲਰਕ ਪ੍ਰਵੀਨ ਕੁਮਾਰ, ਐਸਡੀਓ ਅੰਕਿਤ ਨਾਰੰਗ, ਕਲਰਕ ਗਗਨਦੀਪ ਅਤੇ ਸਾਬਕਾ ਚੇਅਰਮੈਨ ਦੇ ਪੀਏ ਸੰਦੀਪ ਸ਼ਰਮਾ ਦੇ ਖਿਲਾਫ਼ ਕੇਸ ਦਰਜ ਕਰ ਲਿਆ। ਜਿਸ ਮਗਰੋਂ ਵਿਜੀਲੈਂਸ ਦੀ ਟੀਮ ਨੇ ਤੁਰੰਤ ਕਾਰਵਾਈ ਕਰਦੇ ਹੋਏ ਪੀਏ ਸੰਦੀਪ ਨੂੰ ਗ੍ਰਿਫ਼ਤਾਰ ਕਰ ਲਿਆ।
ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ: ਐੱਸਐੈੱਸਪੀ
ਐੱਸਐੱਸਪੀ ਵਿਜੀਲੈਂਸ ਬਿਊਰੋ (ਐਡੀਸ਼ਨਲ ਚਾਰਜ) ਦੇ ਐੱਸ.ਐੱਸ.ਪੀ. ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਸੰਦੀਪ ਸ਼ਰਮਾ ਨੂੰ ਅਦਾਲਤ ’ਚ ਪੇਸ਼ ਕਰ ਤਿੰਨ ਦਿਨ ਦੇ ਪੁਲੀਸ ਰਿਮਾਂਡ ’ਤੇ ਲਿਆ ਗਿਆ ਹੈ। ਸਾਬਕਾ ਚੇਅਰਮੈਨ ਹਾਲੇ ਫ਼ਰਾਰ ਹੈ, ਬਾਕੀ ਈਓ ਕੁਲਜੀਤ ਕੌਰ ਅਤੇ ਕਲਰਕ ਪ੍ਰਵੀਨ ਕੁਮਾਰ ਨੂੰ ਜਲਦੀ ਹੀ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਗ੍ਰਿਫ਼ਤਾਰ ਕੀਤਾ ਜਾਵੇਗਾ। ਬਾਕੀ ਫ਼ਰਾਰ ਮੁਲਜ਼ਮਾਂ ਦੀ ਭਾਲ ’ਚ ਛਾਪੇ ਮਾਰੇ ਜਾ ਰਹੇ ਹਨ।