ਕੁਲਵਿੰਦਰ ਸਿੰਘ ਗਿੱਲ
ਕੁੱਪ ਕਲਾਂ, 15 ਅਪਰੈਲ
ਪਿੰਡ ਸਿਆੜ ਅਤੇ ਬੁਟਾਹਰੀ ਰੋਡ ’ਤੇ ਬੀਤੀ ਸ਼ਾਮ ਅੱਗ ਲੱਗਣ ਕਾਰਨ ਲਗਪਗ ਤਿੰਨ ਸੌ ਕਿੱਲੇ ਕਣਕ ਅਤੇ ਨਾੜ ਸੜ ਕੇ ਸੁਆਹ ਹੋ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਤੇਜ਼ ਹਵਾ ਕਾਰਨ ਫੈਲੀ ਅੱਗ ਦੌਰਾਨ ਦੋ ਸੌ ਏਕੜ ਕਰੀਬ ਖੜ੍ਹੀ ਕਣਕ ਅਤੇ ਸੌ ਏਕੜ ਕਰੀਬ ਨਾੜ ਸੜ ਕੇ ਸੁਆਹ ਹੋ ਗਿਆ। ਪਿੰਡ ਸਿਆੜ ਤੇ ਬੁਟਾਰੀ ਦੇ ਕਿਸਾਨ ਜਗਜੀਤ ਸਿੰਘ, ਹਰਵੰਤ ਸਿੰਘ, ਜੋਗਿੰਦਰ ਸਿੰਘ, ਲਾਭ ਸਿੰਘ, ਲਖਵੀਰ ਸਿੰਘ, ਚਮਕੌਰ ਸਿੰਘ, ਮੇਜਰ ਸਿੰਘ, ਤਰਲੋਚਨ ਸਿੰਘ, ਜਗਜੀਤ ਸਿੰਘ, ਸੁਖਦੇਵ ਸਿੰਘ, ਬਹਾਦਰ ਸਿੰਘ, ਕਾਕਾ ਸਿੰਘ, ਸਾਧੂ ਸਿੰਘ, ਗੁਰਸ਼ਰਨ ਸਿੰਘ, ਗੁਰਿੰਦਰ ਸਿੰਘ, ਜਗਪਾਲ ਸਿੰਘ, ਹਰਜੀਤ ਸਿੰਘ, ਗੁਰਸੇਵਕ ਸਿੰਘ, ਮਲਕੀਤ ਸਿੰਘ, ਅਜੀਤ ਸਿੰਘ, ਮਨਜਿੰਦਰ ਸਿੰਘ, ਕੁਲਵੰਤ ਸਿੰਘ, ਗੁਰਪ੍ਰੀਤ ਸਿੰਘ, ਪਰਮਜੀਤ ਸਿੰਘ, ਬਲਰਾਜ ਸਿੰਘ, ਰਣਜੀਤ ਸਿੰਘ ਅਤੇ ਭੂਪਾ ਬਟਾਰੀ ਦੇ ਕਿਸਾਨਾਂ ਦੀ ਕਣਕ ਅਤੇ ਨਾੜ ਸੜ ਗਿਆ। ਇਸ ਤੋਂ ਇਲਾਵਾ ਕੁਝ ਪਸ਼ੂਆਂ ਦੇ ਵੀ ਅੱਗ ਨਾ ਪ੍ਰਭਾਵਿਤ ਹੋਣ ਦੀ ਸੂਚਨਾ ਹੈ। ਇਸ ਅੱਗ ਕਾਰਨ ਇੱਕ ਮੋਟਰਸਾਈਕਲ ਸੜ ਗਿਆ। ਇਸ ਅੱਗ ’ਤੇ ਕਰੀਬ ਅੱਧੀ ਦਰਜਨ ਤੋਂ ਵੱਧ ਪਿੰਡਾਂ ਦੇ ਕਿਸਾਨਾਂ ਵੱਲੋਂ ਆਪਣੇ ਟਰੈਕਟਰਾਂ ਨਾਲ ਖੇਤਾਂ ਦੀ ਵਾਹੀ ਕਰ ਕੇ ਕਾਬੂ ਪਾਇਆ ਗਿਆ। ਪਿੰਡ ਵਾਸੀਆਂ ਪ੍ਰਸ਼ਾਸਨ ਤੋਂ ਜਲਦੀ ਗਿਰਦਾਵਰੀ ਕਰਵਾ ਕੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।
ਜਗਰਾਉਂ (ਜਸਬੀਰ ਸ਼ੇਤਰਾ): ਬੇਟ ਇਲਾਕੇ ਦੇ ਸਿੱਧਵਾਂ ਬੇਟ ਨੇੜਲੇ ਪਿੰਡ ਆਲੀਵਾਲ ਵਿਚ ਅੱਜ ਸੈਂਕੜੇ ਏਕੜ ਕਣਕ ਦੀ ਪੱਕੀ ਖੜ੍ਹੀ ਫ਼ਸਲ ਦਾ ਅੱਗ ਤੋਂ ਬਚਾਅ ਹੋ ਗਿਆ। ਇਹ ਸਮੁੱਚੀ ਕਣਕ ਦੀ ਫ਼ਸਲ ਕੁਦਰਤ ਅਤੇ ਅੱਗ ਲੱਗਣ ਵਾਲੇ ਖੇਤਾਂ ਤੋਂ ਅੱਗੋਂ ਲੰਘਦੇ ਪੁਰਾਣੇ ਬੁੱਢੇ ਨਾਲੇ ਨੇ ਬਚਾਈ। ਇਸ ਦੇ ਬਾਵਜੂਦ ਇਕ ਕਿਸਾਨ ਦੀ 10 ਏਕੜ ਤੋਂ ਵਧੇਰੇ ਕਣਕ ਦੀ ਫ਼ਸਲ ਸੁਆਹ ਹੋ ਗਈ।
ਮੌਕੇ ’ਤੇ ਮੌਜੂਦ ਸਾਬਕਾ ਮੈਂਬਰ ਪਾਰਲੀਮੈਂਟ ਅਮਰੀਕ ਸਿੰਘ ਆਲੀਵਾਲ ਅਤੇ ਬੀਕੇਯੂ ਏਕਤਾ ਡਕੌਂਦਾ ਦੇ ਆਗੂ ਗੁਰਮੇਲ ਸਿੰਘ ਭਰੋਵਾਲ ਨੇ ਦੱਸਿਆ ਕਿ ਜਿਹੜੀ ਦਸ ਏਕੜ ਤੋਂ ਵਧੇਰੇ ਕਣਕ ਅੱਗ ਨਾਲ ਸੜੀ ਉਹ ਜ਼ਿਲ੍ਹਾ ਸਹਿਕਾਰੀ ਯੂਨੀਅਨ ਨਾਲ ਸਬੰਧਿਤ ਪਿੰਡ ਭੂੰਦੜੀ ਦੇ ਕਿਸਾਨ ਗੁਰਜੀਤ ਸਿੰਘ ਮੰਤਰੀ ਦੀ ਸੀ। ਉਨ੍ਹਾਂ ਦੱਸਿਆ ਕਿ ਨੇੜੇ ਮੌਜੂਦ ਕਿਸਾਨਾਂ ਨੇ ਜੱਦੋ-ਜਹਿਦ ਕਰ ਕੇ ਅੱਗ ਬੁਝਾ ਲਈ। ਖੇਤੀਬਾੜੀ ਵਿਭਾਗ ਤੋਂ ਸ਼ੇਰਜੀਤ ਸਿੰਘ ਮੰਡ ਅਤੇ ਪਾਵਰਕੌਮ ਤੋਂ ਜੇਈ ਵੀ ਮੌਕੇ ’ਤੇ ਪਹੁੰਚ ਗਏ ਸਨ। ਉਨ੍ਹਾਂ ਦੱਸਿਆ ਕਿ ਜਿਹੜੇ ਖੇਤਾਂ ’ਚ ਅੱਗ ਲੱਗੀ ਉਸ ਦੇ ਨਾਲ ਪੁਰਾਣਾ ਬੁੱਢਾ ਨਾਲਾ ਲੰਘਦਾ ਹੈ। ਇਸ ’ਤੇ ਦੋਵੇਂ ਪਾਸੇ ਘਾਹ ਫੂਸ ਉੱਗਿਆ ਹੋਇਆ ਹੈ ਜੋ ਹਰਾ ਹੋਣ ਕਰ ਕੇ ਅੱਗੇ ਇਸ ਤੋਂ ਦੂਜੇ ਪਾਸੇ ਨਹੀਂ ਪਹੁੰਚ ਸਕੀ। ਅੱਜ ਹਵਾ ਦੀ ਰਫ਼ਤਾਰ ਵੀ ਘੱਟ ਸੀ ਜਿਸ ਕਾਰਨ ਅੱਗ ਦੂਜੇ ਪਾਸੇ ਖੜ੍ਹੀ ਕਣਕ ਤਕ ਨਹੀਂ ਜਾ ਸਕੀ।
ਇਸ ਸਬੰਧੀ ਪਿੰਡ ਆਲੀਵਾਲ ਵਾਸੀਆਂ ਨੇ ਕਿਹਾ ਕਿ ਜੇ ਇਹ ਅੱਗ ਨਾਲੇ ਨੂੰ ਪਾਰ ਕਰ ਜਾਂਦੀ ਜਾਂ ਹਵਾ ਨਾਲ ਅੱਗੇ ਫੈਲਦੀ ਤਾਂ ਸੈਂਕੜੇ ਏਕੜ ਫ਼ਸਲ ਦਾ ਭਾਰੀ ਨੁਕਸਾਨ ਹੋਣਾ ਸੀ ਕਿਉਂਕਿ ਸਾਰੇ ਖੇਤ ਨਾਲ ਲੱਗਦੇ ਹਨ। ਇਸ ਸਮੇਂ ਮੌਜੂਦ ਬੀਕਯੂ ਦੇ ਆਗੂਆਂ ਗੁਰਮੇਲ ਸਿੰਘ, ਗੁਰਦੀਪ ਸਿੰਘ ਦੀਪ, ਰੇਸ਼ਮ ਸਿੰਘ ਭਰੋਵਾਲ, ਜਗਰੂਪ ਸਿੰਘ ਲੀਹਾਂ, ਹਰਦੀਪ ਸਿੰਘ ਸੇਖੋਂ ਨੇ ਪੀੜਤ ਕਿਸਾਨ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ।