ਪੱਤਰ ਪ੍ਰੇਰਕ
ਮਾਛੀਵਾੜਾ, 22 ਮਈ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਬਲਾਕ ਮਾਛੀਵਾੜਾ ਦੀ ਮੀਟਿੰਗ ਸਾਧੂ ਸਿੰਘ ਪੰਜੇਟਾ ਤੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਦੀ ਦੇਖ-ਰੇਖ ਹੇਠ ਹੋਈ, ਜਿਸ ਵਿਚ ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਗਰੇਵਾਲ ਤੇ ਲਖਵੀਰ ਸਿੰਘ ਟੰਡੀ ਨੇ ਸ਼ਿਰਕਤ ਕੀਤੀ। ਉਨ੍ਹਾਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਧਰਤੀ ਹੇਠਲਾ ਪਾਣੀ ਡੂੰਘਾ ਹੁੰਦਾ ਜਾ ਰਿਹਾ ਹੈ, ਉਹ ਅਮਰੀਕੀ ਖੇਤੀ ਮਾਡਲ ਦੀ ਦੇਣ ਹੈ। ਉਨ੍ਹਾਂ ਕਿਹਾ ਕਿ ਕਿਸਾਨ ਝੋਨੇ ਤੇ ਕਣਕ ਦਾ ਫਸਲੀ ਚੱਕਰ ਛੱਡ ਕੇ ਖੇਤੀ ਵਿਭਿੰਨਤਾ ਅਪਨਾਉਣ ਨੂੰ ਤਿਆਰ ਹਨ ਪਰ ਸਰਕਾਰ ਬਾਕੀ 23 ਫਸਲਾਂ ’ਤੇ ਸਮਰਥਨ ਮੁੱਲ ਦੇਣ ਦੀ ਗਾਰੰਟੀ ਦੇਵੇ। ਉਕਤ ਆਗੂਆਂ ਨੇ ਬਿਜਲੀ ਸੰਕਟ ਬਾਰੇ ਕਿਹਾ ਕਿ ਇੱਥੇ ਪਣ ਬਿਜਲੀ ਤਿਆਰ ਨਹੀਂ ਕੀਤੀ ਜਾਂਦੀ, ਸਗੋਂ ਕੋਲਾ ਅਤੇ ਪਰਮਾਣੂ ਵਾਲੇ ਥਰਮਲ ਪਲਾਂਟ ਲਾਏ ਜਾ ਰਹੇ ਹਨ, ਜਿਸ ਕਾਰਨ ਪ੍ਰਦੂਸ਼ਨ ਵਿੱਚ ਹੋਰ ਵਾਧਾ ਹੋ ਰਿਹਾ ਹੈ। ਇਸ ਮੌਕੇ ਸੁਖਦੀਪ ਸਿੰਘ ਲਾਡੀ, ਪ੍ਰੇਮ ਸਿੰਘ ਚੱਕ ਲੋਹਟ, ਕਰਨੈਲ ਸਿੰਘ ਨੰਬਰਦਾਰ, ਵਰਿੰਦਰ ਸਿੰਘ, ਯਾਦਵਿੰਦਰ ਸਿੰਘ, ਬਹਾਦਰ ਸਿੰਘ, ਸੁਰਜਨ ਸਿੰਘ, ਅਵਤਾਰ ਸਿੰਘ, ਕਰਮ ਸਿੰਘ, ਜੋਰਾ ਸਿੰਘ, ਗਰਿਦਰ ਸਿੰਘ, ਰਾਜਿੰਦਰ ਸਿੰਘ ਆਦਿ ਮੌਜੂਦ ਸਨ।