ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 12 ਜੂਨ
ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸਮਰਾਲਾ ਤੋਂ ਥਾਪੇ ਗਏ ਨਵੇਂ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ ਵੱਲੋਂ ਅੱਜ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਤਿਹਾਸਕ ਧਰਤੀ ਮਾਛੀਵਾੜਾ ਵਿੱਚ ਅਕਾਲੀ ਦਲ ਦਾ ਦਫ਼ਤਰ ਖੋਲ੍ਹ ਦਿੱਤਾ ਗਿਆ। ਅੱਜ ਬੱਸ ਸਟੈਂਡ ਰੋਡ ’ਤੇ ਅਕਾਲੀ ਦਲ ਦਫ਼ਤਰ ਦੇ ਉਦਘਾਟਨ ਮੌਕੇ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏ ਅਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਇਸ ਮੌਕੇ ਕੌਮੀ ਜਨਰਲ ਸਕੱਤਰ ਜਥੇ. ਸੰਤਾ ਸਿੰਘ ਉਮੈਦਪੁਰ, ਜ਼ਿਲਾ ਜਥੇ. ਰਘਵੀਰ ਸਿੰਘ ਸਹਾਰਨ ਮਾਜਰਾ, ਸਾਬਕਾ ਪ੍ਰਧਾਨ ਉਜਾਗਰ ਸਿੰਘ ਬੈਨੀਪਾਲ, ਸਰਕਲ ਜਥੇ. ਕੁਲਦੀਪ ਸਿੰਘ ਜਾਤੀਵਾਲ, ਸ਼੍ਰੋਮਣੀ ਕਮੇਟੀ ਮੈਂਬਰ ਹਰਜਤਿੰਦਰ ਸਿੰਘ ਬਾਜਵਾ, ਸਾਬਕਾ ਪ੍ਰਧਾਨ ਮਹਿੰਦਰ ਸਿੰਘ ਭੰਗਲਾਂ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਨੇ ਹਲਕਾ ਸਮਰਾਲਾ ਤੋਂ ਇੱਕ ਸੂਝਵਾਨ ਤੇ ਪੜ੍ਹੇ-ਲਿਖੇ ਨੌਜਵਾਨ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਜਿਸ ਦਾ ਸਾਨੂੰ ਸਾਰਿਆਂ ਨੂੰ ਇੱਕਜੁਟ ਹੋ ਕੇ ਸਾਥ ਦੇਣਾ ਚਾਹੀਦਾ ਹੈ। ਆਗੂਆਂ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਮਾਛੀਵਾੜਾ ’ਚ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਖੋਲ੍ਹਿਆ ਗਿਆ ਹੈ। ਇਸ ਮੌਕੇ ਸੀਨੀਅਰ ਅਕਾਲੀ ਆਗੂ ਰਜਿੰਦਰ ਸਿੰਘ ਢਿੱਲੋਂ, ਸਾਬਕਾ ਕੌਂਸਲਰ ਭੁਪਿੰਦਰ ਸਿੰਘ ਢਿੱਲੋਂ, ਜਥੇ. ਹਰਦੀਪ ਸਿੰਘ ਬਹਿਲੋਲਪੁਰ, ਜਥੇ. ਹਰਬੰਸ ਸਿੰਘ ਭਰਥਲਾ ਹਾਜ਼ਰ ਸਨ।
‘ਸਾਡੇ ਤੋਂ ਬਾਅਦ ਆਏ ਲੋਕ ਸਭਾ ਮੈਂਬਰ ਤੇ ਵਿਧਾਇਕ ਬਣ ਗਏ’
ਸ਼੍ਰੋਮਣੀ ਅਕਾਲੀ ਹਾਈਕਮਾਂਡ ਵੱਲੋਂ ਪਰਮਜੀਤ ਸਿੰਘ ਢਿੱਲੋਂ ਨੂੰ ਮੁੱਖ ਸੇਵਾਦਾਰ ਥਾਪੇ ਜਾਣ ਤੋਂ ਬਾਅਦ ਕੁਝ ਆਗੂਆਂ ਵਲੋਂ ਪਾਰਟੀ ਛੱਡੇ ਜਾਣ ’ਤੇ ਅਸਿੱਧੇ ਢੰਗ ਨਾਲ ਪ੍ਰਤੀਕਿਰਿਆ ਕਰਦਿਆਂ ਜਥੇ. ਸੰਤਾ ਸਿੰਘ ਉਮੈਦਪੁਰ ਤੇ ਸਹਾਰਨ ਮਾਜਰਾ ਨੇ ਕਿਹਾ ਕਿ ਉਨ੍ਹਾਂ ਤੋਂ ਬਾਅਦ ਪਾਰਟੀ ’ਚ ਆਏ ਆਗੂ ਐੱਮਪੀ ਅਤੇ ਵਿਧਾਇਕ ਬਣ ਗਏ ਪਰ ਉਨ੍ਹਾਂ ਕਦੇ ਵੀ ਨਾਰਾਜ਼ ਹੋ ਕੇ ਪਾਰਟੀ ਪ੍ਰਤੀ ਵਫ਼ਾਦਾਰੀ ਨਹੀਂ ਛੱਡੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹੀ ਉਨ੍ਹਾਂ ਦਾ ਨਾਮ ਤੇ ਪਛਾਣ ਬਣਾਈ ਹੈ ਇਸ ਮੌਕੇ ਉਨ੍ਹਾਂ ਪਾਰਟੀ ਛੱਡ ਕੇ ਗਏ ਵਿਅਕਤੀਆਂ ਨੂੰ ਵਾਪਸ ਪਰਤ ਆਉਣ ਲਈ ਕਿਹਾ।