ਡੀਪੀਐੱਸ ਬੱਤਰਾ
ਸਮਰਾਲਾ, 27 ਮਈ
ਹਲਕਾ ਸਮਰਾਲਾ ਦੀ ਅਕਾਲੀ ਸਿਆਸਤ ਵਿੱਚ ਪਏ ਘਮਾਸਾਨ ਦੌਰਾਨ ਅੱਜ ਸਾਬਕਾ ਵਿਧਾਇਕ ਖੀਰਨੀਆਂ ਅਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਪਾਰਟੀ ਛੱਡੇ ਜਾਣ ਦੇ ਐਲਾਨ ਅਤੇ ਜ਼ਿਲ੍ਹਾ ਯੂਥ ਪ੍ਰਧਾਨ ਬਰਜਿੰਦਰ ਸਿੰਘ ਲੋਪੋਂ ਦੇ ਆਪਣੇ ਅਹੁਦੇ ਤੋਂ ਦਿੱਤੇ ਅਸਤੀਫੇ ਮਗਰੋਂ ਹਲਕੇ ਦਾ ਸਮੁੱਚਾ ਅਕਾਲੀ ਦਲ ਨਵੇਂ ਹਲਕਾ ਇੰਚਾਰਜ ਪਰਮਜੀਤ ਸਿੰਘ ਦੀ ਪਿੱਠ ’ਤੇ ਆ ਖੜਿਆ ਹੈ। ਹਲਕੇ ਦੇ 8 ਸਰਕਲ ਪ੍ਰਧਾਨਾਂ ਅਤੇ ਜਥੇਬੰਦੀ ਦੇ ਕਈ ਵਿੰਗਾਂ ਦੇ ਪ੍ਰਧਾਨਾਂ ਅਤੇ ਹੋਰ ਅਹੁਦੇਦਾਰਾਂ ਨੇ ਇਸ ਹਲਕੇ ’ਚ ਕਾਂਗਰਸ ਨੂੰ ਤੱਕੜੀ ਟੱਕਰ ਦੇਣ ਦੀ ਸਮਰੱਥਾ ਰੱਖਣ ਵਾਲੇ ਪਰਮਜੀਤ ਸਿੰਘ ਢਿੱਲੋਂ ਨੂੰ ਮੁੱਖ ਸੇਵਾਦਾਰ ਐਲਾਨੇ ਜਾਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ, ਪਾਰਟੀ ਨੇ ਬਕਾਇਦਾ ਤਿੰਨ ਸਰਵੇ ਕਰਵਾਉਣ ਅਤੇ ਸਾਰੇ ਸਰਕਲ ਜਥੇਦਾਰਾਂ ਦੀ ਰਾਏ ਲੈਣ ਉਪਰੰਤ ਇਹ ਫ਼ੈਸਲਾ ਲਿਆ ਹੈ। ਸਰਕਲ ਪ੍ਰਧਾਨ ਕੁਲਦੀਪ ਸਿੰਘ ਜਾਤੀਵਾਲ, ਹਰਦੀਪ ਸਿੰਘ ਬਹਿਲੋਲਪੁਰ, ਹਰਜਤਿੰਦਰ ਸਿੰਘ ਬਾਜਵਾ ਅਤੇ ਜਸਮੇਲ ਸਿੰਘ ਬੌਂਦਲੀ ਨੇ ਕਿਹਾ ਕਿ ਖੀਰਨੀਆਂ ਦਾ ਅਸਤੀਫ਼ਾ ਪਾਰਟੀ ਲਈ ਇਕ ਮੰਦਭਾਗਾ ਫ਼ੈਸਲਾ ਹੈ।
ਇਸ ਮੌਕੇ ਪਰਮਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਅੱਜ ਪਾਰਟੀ ਤੋਂ ਬਾਹਰ ਹੋਏ ਹਰ ਵਿਅਕਤੀ ਨਾਲ ਰਾਬਤਾ ਕਾਇਮ ਕਰਕੇ ਉਨ੍ਹਾਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਉਹ ਹਰ ਵਰਕਰ ਅਤੇ ਵੋਟਰ ਨੂੰ ਪਾਰਟੀ ਨਾਲ ਜੋੜ ਕੇ ਇਸ ਵਾਰ ਇਹ ਸੀਟ ਅਕਾਲੀ ਦਲ ਦੀ ਝੋਲੀ ਪਾਉਣ ਲਈ ਹਰ ਸੰਭਵ ਯਤਨ ਕਰਨਗੇ।