ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 12 ਜੂਨ
ਇੱਥੇ ਰਾਏਕੋਟ ਰੋਡ ’ਤੇ ਵਿਸ਼ਵਕਰਮਾਂ ਚੌਕ ’ਚ ਸੜਕ ਕਾਰ ਦੇ ਇੰਜਣ ਨੂੰ ਅੱਗ ਲੱਗ ਗਈ। ਰਾਹਗੀਰਾਂ ਨੇ ਆਗ ’ਤੇ ਕਾਬੂ ਪਾਇਆ। ਇਸ ਦੌਰਾਨ ਮੌਕੇ ’ਤੇ ਪੁੱਜੀ ਅੱਗ ਬੁਝਾਉਣ ਵਾਲੀ ਗੱਡੀ ਦੀ ਪਾਣੀ ਵਾਲੀ ਪਾਈਪ ਹੀ ਨਹੀਂ ਖੁੱਲ੍ਹੀ। ਇਸ ਪਿੱਛੋਂ ਫਾਇਰ ਮੁਲਾਜ਼ਮਾਂ ਨੇ ਅੱਗ ਬੁਝਾਊ ਪਾਊਡਰ ਦੀ ਵਰਤੋਂ ਨਾਲ ਅੱਗ ਬੁਝਾਈ।
ਪ੍ਰਾਪਤ ਜਾਣਕਾਰੀ ਅਨੁਸਾਰ ਇੱਥੇ ਇੱਕ ਨੈਨੋ ਦੇ ਇੰਜਣ ਨੂੰ ਅੱਗ ਲੱਗ ਗਈ। ਕਾਰ ਦੇ ਪਿੱਛੋਂ ਧੂੰਆਂ ਨਿਕਲਦਾ ਦੇਖ ਕੇ ਲੋਕਾਂ ਨੇ ਰੌਲਾ ਪਾ ਕੇ ਕਾਰ ਚਾਲਕ ਨੂੰ ਰੋਕਿਆ। ਸੜਕ ਕਿਨਾਰੇ ਲੱਗੀ ਪਾਣੀ ਵਾਲੀ ਟੂਟੀ ਤੋਂ ਪਾਣੀ ਭਰ ਕੇ ਲੋਕਾਂ ਨੇ ਗੱਡੀ ਦੇ ਇੰਜਣ ’ਤੇ ਪਾਉਣਾ ਸ਼ੁਰੂ ਕੀਤਾ ਤਾਂ ਅੱਗ ਘਟ ਗਈ। ਇਸੇ ਦੌਰਾਨ ਕਿਸੇ ਨੇ ਨਗਰ ਕੌਂਸਲ ਦੇ ਅੱਗ ਬੁਝਾਊ ਕੇਂਦਰ ਨੂੰ ਫੋਨ ਕਰ ਦਿੱਤਾ। ਮੌਕੇ ’ਤੇ ਪੁੱਜੇ ਅੱਗ ਬੁਝਾਊ ਅਮਲੇ ਨੇ ਅੱਗ ਬੁਝਾਉਣ ’ਚ ਯੋਗਦਾਨ ਪਾਇਆ।
ਜ਼ਿਕਰਯੋਗ ਹੈ ਕਿ ਅੱਗ ਬੁਝਾਉਣ ਵਾਲੀ ਗੱਡੀ ਮੌਕੇ ’ਤੇ ਆ ਤਾਂ ਗਈ ਪਰ ਤਰਾਸਦੀ ਇਹ ਰਹੀ ਕਿ ਉਸ ਦੀ ਪਾਣੀ ਵਾਲੀ ਪਾਈਪ ਲੰਬਾ ਸਮਾਂ ਬਾਹਰ ਦੀ ਨਹੀਂ ਨਿਕਲੀ। ਇਸ ਕਾਰਨ ਗੱਡੀ ਵਿੱਚ ਰੱਖੇ ਅੱਗ ਬੁਝਾਉਣ ਵਾਲੇ ਪਾਊਡਰ ਨਾਲ ਅੱਗ ’ਤੇ ਕਾਬੂ ਪਾਇਆ ਗਿਆ। ਮੌਕੇ ’ਤੇ ਹਾਜ਼ਰ ਲੋਕਾਂ ਨੇ ਕਿਹਾ ਕਿ ਵਿਭਾਗ ਨੂੰ ਗੱਡੀਆਂ ਦੀ ਜਾਂਚ ਕਰਨੀ ਚਾਹੀਦੀ ਹੈ।
ਇਸ ਸਬੰਧੀ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਇਹ ਸਮੱਸਿਆ ਅੱਗੇ ਕਦੇ ਨਹੀਂ ਆਈ, ਅੱਗੇ ਤੋਂ ਖ਼ਿਆਲ ਰੱਖਿਆ ਜਾਵੇਗਾ।