ਡੀਪੀਐਸ ਬੱਤਰਾ
ਸਮਰਾਲਾ, 1 ਜੂਨ
ਪਾਵਰਕੌਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਵੱਲੋਂ ਪੰਜਾਬ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਦੀ ਅਰਥੀ ਫੂਕ ਮੁਜ਼ਾਹਰਾ ਅੱਜ ਸਮਰਾਲਾ ਦੇ ਮੇਨ ਚੌਕ ਵਿੱਚ ਕੀਤਾ ਗਿਆ। ਕਾਮਿਆਂ ਵੱਲੋਂ ਅੱਜ ਕੰਮ ਠੱਪ ਰੱਖਿਆ ਗਿਆ। ਸਰਕਲ ਤੇ ਡਿਵੀਜ਼ਨ ਪ੍ਰਧਾਨ ਜਸਵੀਰ ਸਿੰਘ ਜੱਸੀ ਨੇ ਦੱਸਿਆ ਕਿ ਪਾਵਰਕੌਮ ਦੀ ਮੈਨੇਜਮੈਂਟ ਸੀਐੱਚਬੀ ਠੇਕਾ ਕਾਮਿਆਂ ਨਾਲ ਹੋਏ ਫ਼ੈਸਲੇ ਨੂੰ ਲਾਗੂ ਨਹੀਂ ਕਰ ਰਹੀ। ਇੱਕ ਜੂਨ ਨੂੰ ਪੈਡੀ ਸੀਜ਼ਨ ਦੌਰਾਨ ਕਾਮਿਆਂ ਦੀ ਗਿਣਤੀ ਵਿੱਚ ਵਾਧਾ ਅਤੇ ਇਕ ਸਾਲ ਦੇ ਪੂਰੇ ਟੈਂਡਰ ਕੀਤੇ ਜਾਂਦੇ ਸਨ, ਪਰ ਪਾਵਰਕੌਮ ਦੀ ਮੈਨੇਜਮੈਂਟ ਨੇ ਇਸ ਵਾਰ ਤਿੰਨ ਮਹੀਨੇ ਦਾ ਟੈਂਡਰ ਹੀ ਵਧਾਇਆ ਹੈ। ਇਸ ਲਈ ਕਾਮਿਆਂ ਵੱਲੋਂ ਫ਼ੈਸਲਾ ਕੀਤਾ ਗਿਆ ਕਿ ਤਿੰਨ ਮਹੀਨੇ ਦਾ ਟੈਂਡਰ ਮਨਜ਼ੂਰ ਨਹੀਂ, ਟੈਂਡਰ ’ਚ ਇੱਕ ਸਾਲ ਦਾ ਵਾਧਾ ਕੀਤਾ ਜਾਵੇ ਤੇ ਕੱਢੇ ਗਏ ਕਾਮਿਆਂ ਨੂੰ ਬਹਾਲ ਕਰ ਕੇ ਠੇਕਾ ਕਾਮਿਆਂ ਨੂੰ ਵਿਭਾਗ ’ਚ ਲੈ ਕੇ ਰੈਗੂਲਰ ਕੀਤਾ ਜਾਵੇ। ਕਰੰਟ ਲੱਗਣ ਕਾਰਨ ਪਿਛਲੇ ਸਮਿਆਂ ਵਿਚ ਘਾਤਕ ਤੇ ਗ਼ੈਰਘਾਤਕ ਹਾਦਸਿਆਂ ਦੇ ਪੀੜਤਾਂ ਨੂੰ ਮੁਆਵਜ਼ਾ ਨੌਕਰੀ ਦਾ ਪ੍ਰਬੰਧ ਕੀਤਾ ਜਾਵੇ ਅਤੇ ਪੁਰਾਣਾ ਬਕਾਇਆ ਬੋਨਸ ਏਰੀਅਰ ਈਪੀਐਫ ਦਾ ਹਿਸਾਬ ਕਿਤਾਬ ਦਿੱਤਾ ਜਾਵੇ।
ਉਨ੍ਹਾਂ ਕਿਹਾ ਕਿ ਜਦੋਂ ਤਕ ਪੰਜਾਬ ਸਰਕਾਰ ਤੇ ਪਾਵਰਕੌਮ ਮੈਨੇਜਮੈਂਟ ਮੰਗਾਂ ਦਾ ਹੱਲ ਨਹੀਂ ਕਰਦੀ, ਕਾਮਿਆਂ ਦੇ ਮੁਆਵਜ਼ੇ ਵਿੱਚ ਵਾਧੇ ਦਾ ਪ੍ਰਬੰਧ ਨਹੀਂ ਕਰਦੀ ਅਤੇ ਕੱਢੇ ਕਾਮਿਆਂ ਨੂੰ ਬਹਾਲ ਨਹੀਂ ਕਰਦੀ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ 3 ਜੂਨ ਨੂੰ ਪਟਿਆਲਾ ਵੱਲ ਕੂਚ ਦਾ ਐਲਾਨ ਕੀਤਾ। ਅੱਜ ਕਾਮਿਆਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਦਾ ਪੁਤਲਾ ਫੂਕਿਆ। ਇਸ ਰੋਸ ਮੁਜ਼ਾਹਰੇ ਵਿੱਚ ਹੋਰਨਾਂ ਤੋਂ ਇਲਾਵਾ ਗੁਰਪ੍ਰੀਤ ਸਿੰਘ ਗੋਪੀ, ਸੰਜੀਵ ਕੁਮਾਰ, ਮਨਦੀਪ ਸਿੰਘ, ਸੁਰਿੰਦਰ ਸਿੰਘ ਸੋਨੀ, ਦਵਿੰਦਰ ਸਿੰਘ ਆਦਿ ਤੋਂ ਇਲਾਵਾ ਹੋਰ ਮੁਲਾਜ਼ਮ ਹਾਜ਼ਰ ਸਨ।