ਪੱਤਰ ਪ੍ਰੇਰਕ
ਮੰਡੀ ਅਹਿਮਦਗੜ੍ਹ, 9 ਮਾਰਚ
ਭਾਵੇਂ ਆਮ ਤੌਰ ’ਤੇ ਚੋਣਾਂ ਦੌਰਾਨ ਵੱਖ ਵੱਖ ਉਮੀਦਵਾਰਾਂ ਦੇ ਕੁੱਝ ਮੌਕਾਪ੍ਰਸਤ ਸਮਰਥਕ ਪੋਲਿੰਗ ਵਾਲੇ ਦਿਨ ਦੇ ਰੰਗ-ਢੰਗ ਦੇਖਣ ਤੋਂ ਬਾਅਦ ਪਾੜੇ ਬਦਲ ਲੈਂਦੇ ਹਨ ਪਰ ਸ਼ਾਇਦ ਇਹ ਪਹਿਲੀ ਵਾਰ ਹੋਇਆ ਹੈ ਕਿ ਵੋਟਾਂ ਦੀ ਗਿਣਤੀ ਤੋਂ ਇੱਕ ਰਾਤ ਪਹਿਲਾਂ ਤੱਕ ਭਵਿੱਖ ਲਈ ਵਫ਼ਾਦਾਰੀਆਂ ਤੈਅ ਨਹੀਂ ਹੋਈਆਂ। ਇਹ ਵੀ ਪਹਿਲੀ ਵਾਰ ਦੇਖਣ ਵਿੱਚ ਆਇਆ ਹੈ ਕਿ ਖੇਤਰੀ ਸਿਆਸੀ ਆਗੂਆਂ ਨੇ ਆਪਣੀਆਂ ਪਾਰਟੀਆਂ ਦੇ ਉਮੀਦਵਾਰਾਂ ਦੇ ਕਾਊਂਟਿੰਗ ਏਜੰਟ ਬਣ ਕੇ ਗਿਣਤੀ ਕੇਂਦਰਾਂ ਅੰਦਰ ਡਿਊਟੀ ਦੇਣ ਵਿੱਚ ਦਿਲਚਸਪੀ ਨਹੀਂ ਦਿਖਾਈ।
ਗਿਣਤੀ ਦੇ ਚੋਣਵੇਂ ਆਗੂਆਂ ਨੂੰ ਛੱਡ ਕੇ ਜ਼ਿਆਦਾਤਾਰ ਆਗੂਆਂ ਨੇ ਸਾਰੇ ਹੀ ਸੰਭਾਵੀ ਜੇਤੂਆਂ, ਜਾਂ ਉਨ੍ਹਾਂ ਦੇ ਓਐੱਸਡੀਆਂ ਨਾਲ ਸੰਪਰਕ ਬਣਾਇਆ ਹੋਇਆ ਹੈ ਅਤੇ ਉਨ੍ਹਾਂ ਨੇ ਸਾਰਿਆਂ ਨੂੰ ਜਿੱਤਣ ਲਈ ਸ਼ੁਭ ਇੱਛਾਵਾਂ ਦੇ ਦਿੱਤੀਆਂ ਹਨ। ਚੋਣ ਕਮਿਸ਼ਨ ਵੱਲੋਂ ਵੋਟਾਂ ਦੀ ਗਿਣਤੀ ਤੋਂ ਬਾਅਦ ਜੇਤੂ ਜਲੂਸ ਕੱਢਣ ਉੱਪਰ ਮੁਕੰਮਲ ਰੋਕ ਲਗਾਈ ਗਈ ਹੈ, ਇਨ੍ਹਾਂ ਆਗੂਆਂ ਨੇ ਜਿੱਤਣ ਵਾਲੇ ਉਮੀਦਵਾਰਾਂ ਦੇ ਘਰਾਂ ਵਿਚ ਜਾ ਕੇ ਵਧਾਈਆਂ ਦੇਣ ਲਈ ਤਿਆਰੀਆਂ ਕਰ ਲਈਆਂ ਹਨ। ਪਰ ਉਹ ਘਰ ਕਿਸਦੇ ਜਾਣਗੇ ਇਹ ਫ਼ੈਸਲਾ ਭਲਕੇ ਦੁਪਹਿਰ ਬਾਅਦ ਹੀ ਹੋਵੇਗਾ। ਉਂਜ ਇਨ੍ਹਾਂ ਆਗੂਆਂ ਨੇ ਵੱਖ ਵੱਖ ਰੰਗ ਦੀਆਂ ਪੱਗਾਂ ਵੀ ਪੂਣੀ ਕਰਵਾ ਕੇ ਰੱਖ ਲਈਆਂ ਹਨ ਤਾਂ ਕਿ ਮੌਕੇ ਅਨੁਸਾਰ ਬੰਨ੍ਹ ਲਈਆਂ ਜਾਣ।
ਇੱਕ ਪਾਰਟੀ ਦੇ ਯੂਥ ਆਗੂ ਨੇ ਮੌਕਾਪ੍ਰਸਤੀ ਦੀ ਰਾਜਨੀਤੀ ਦੇ ਰੁਝਾਨ ਨੂੰ ਮੰਨਦਿਆਂ ਦਲੀਲ ਦਿੱਤੀ ਕਿ ਜਦੋਂ ਜਿੱਤਣ ਤੋਂ ਬਾਅਦ ਵਿਧਾਇਕਾਂ ਜਾਂ ਲੋਕ ਸਭਾ ਮੈਂਬਰਾਂ ਦਾ ਆਪਣਾ ਕੋਈ ਭਰੋਸਾ ਨਹੀਂ ਕੀਤਾ ਜਾ ਸਕਦਾ ਤਾਂ ਸਥਾਨਕ ਆਗੂ ਵੀ ਕਿਉਂ ਡੁੱਬਦੀ ਕਿਸ਼ਤੀ ਵਿੱਚ ਸਵਾਰ ਹੋਣ। ਯੂਥ ਆਗੂ ਨੇ ਮੰਨਿਆ ਕਿ ਉਸ ਦਾ ਆਮ ਆਦਮੀ ਪਾਰਟੀ, ਕਾਂਗਰਸ ਅਤੇ ਅਕਾਲੀ ਦਲ ਬਾਦਲ ਦੇ ਮੁੱਖ ਮੰਤਰੀ ਚਿਹਰਿਆਂ ਦੇ ਨੇੜਲੇ ਬੰਦਿਆਂ ਨਾਲ ਸੰਪਰਕ ਬਣਿਆ ਹੋਇਆ ਹੈ। ਵੀਰਵਾਰ ਨੂੰ ਦੁਪਹਿਰ 12 ਵਜੇ ਤੋਂ ਬਾਅਦ ਗੱਡੀ ਦਾ ਸਟੀਰਿੰਗ ਉੱਧਰ ਨੂੰ ਮੋੜ ਦੇਵੇਗਾ ਜਿਸ ਦੀ ਸਰਕਾਰ ਬਣਦੀ ਨਜ਼ਰ ਆਵੇਗੀ।
ਇੱਕ ਕੌਮੀ ਪਾਰਟੀ ਦੇ ਆਹੁਦੇਦਾਰ ਨੇ ਅਫ਼ਸੋਸ ਪ੍ਰਗਟ ਕੀਤਾ ਕਿ ਉਨ੍ਹਾਂ ਨੂੰ ਆਪਣੀ ਪਾਰਟੀ ਦੇ ਗਠਬੰਧਨ ਦੇ ਉਮੀਦਵਾਰ ਦੇ ਕਾਊਂਟਿੰਗ ਏਜੰਟ ਬਣਾਉਣ ਲਈ ਸਮਰਥਕਾਂ ਨੂੰ ਕਈ ਕਈ ਫੋਨ ਕਰਨੇ ਪਏ ਹਨ ਜਦੋਂਕਿ ਇਸ ਤੋਂ ਪਹਿਲੀਆਂ ਚੋਣਾਂ ਦੌਰਾਨ ਇਹ ਡਿਊਟੀ ਨਿਭਾਉਣ ਲਈ ਵਰਕਰਾਂ ਦੀਆਂ ਕਤਾਰਾਂ ਲੱਗ ਜਾਂਦੀਆਂ ਸਨ।