ਜੋਗਿੰਦਰ ਸਿੰਘ ਓਬਰਾਏ
ਖੰਨਾ, 16 ਮਾਰਚ
ਇਥੋਂ ਦੇ ਵਾਰਡ ਨੰਬਰ-2 ਸਮਰਾਲਾ ਰੋਡ ਨੇੜੇ ਅਵਾਰਾ ਹਲਕੇ ਕੁੱਤੇ ਨੇ 15-16 ਵਿਅਕਤੀਆਂ ਨੂੰ ਵੱਢ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਇਲਾਕੇ ਵਿਚ ਇਕ ਅਵਾਰਾ ਕੁੱਤੇ ਨੇ ਅੱਜ ਸਵੇਰੇ ਮੁਹੱਲੇ ਵਿਚ ਘੁੰਮਦੇ 10-15 ਬੱਚਿਆਂ, ਔਰਤਾਂ ਤੇ ਮਰਦਾਂ ਨੂੰ ਵੱਢ ਲਿਆ, ਜਿਨ੍ਹਾਂ ਨੂੰ ਗੰਭੀਰ ਹਾਲਤ ਵਿਚ ਇਥੋਂ ਦੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿੱਥੇ ਉਨ੍ਹਾਂ ਦੇ 20 ਤੋਂ 35 ਟਾਂਕੇ ਲੱਗੇ। ਇਸ ਮੌਕੇ ਇਲਾਕਾ ਨਿਵਾਸੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਕੁੱਤਾ ਪਿਛਲੇ ਕਾਫ਼ੀ ਸਮੇਂ ਤੋਂ ਇਲਾਕੇ ਵਿਚ ਰਹਿੰਦਾ ਸੀ, ਜਿਸ ਨੂੰ ਅੱਜ ਘਟਨਾ ਉਪਰੰਤ ਲੋਕਾਂ ਦੀ ਭੀੜ ਨੇ ਮਾਰ ਦਿੱਤਾ।
ਇਸ ਮੌਕੇ ਜਾਣਕਾਰੀ ਦਿੰਦਿਆਂ ਸਾਬਕਾ ਨਗਰ ਕੌਸਲ ਪ੍ਰਧਾਨ ਇਕਬਾਲ ਸਿੰਘ ਚੰਨੀ ਨੇ ਕਿਹਾ ਕਿ ਕੁੱਤੇ ਦੇ ਬੱਚਿਆਂ ਨੂੰ ਫਾਇਰ ਬਿਗ੍ਰੇਡ ਦੇ ਅਫ਼ਸਰਾਂ ਹਵਾਲੇ ਕੀਤਾ ਗਿਆ ਹੈ ਤਾਂ ਜੋ ਇਨ੍ਹਾਂ ਦੀ ਵੈਟਰਨਰੀ ਹਸਪਤਾਲ ਵਿਚ ਜਾਂਚ ਕਰਵਾਈ ਜਾਵੇ ਅਤੇ ਇਨ੍ਹਾਂ ਵਿਚ ਹਲਕਾਅ ਦਾ ਪਤਾ ਲੱਗ ਸਕੇ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਵਾਰਾ ਕੁੱਤਿਆਂ ਦੀ ਸਾਂਭ ਸੰਭਾਲ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਲੋਕਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਸਕੇ।