ਪੱਤਰ ਪੇ੍ਰਕ
ਰਾਏਕੋਟ, 2 ਨਵੰਬਰ
ਅੰਗਰੇਜ਼ਾਂ, ਕੂਕਿਆਂ ਤੇ ਸਿੱਖ ਇਤਿਹਾਸ ਨਾਲ ਸਬੰਧਤ ‘ਬੱਸੀਆਂ ਕੋਠੀ’ ਨੂੰ ਪੰਜਾਬ ਸਰਕਾਰ ਨੇ 2015 ਵਿਚ ਮਹਾਰਾਜਾ ਰਣਜੀਤ ਸਿੰਘ ਦੇ ਸਪੁੱਤਰ ਤੇ ਸਿੱਖ ਰਾਜ ਦੇ ਆਖਰੀ ਵਾਰਸ ਮਹਾਰਾਜਾ ਦਲੀਪ ਸਿੰਘ ਦੀ ਯਾਦਗਾਰ ਵਜੋਂ ਵਿਕਸਤ ਕਰਕੇ ਇਤਿਹਾਸਕ ਵਿਰਾਸਤ ਦਾ ਦਰਜਾ ਦਿੱਤਾ ਸੀ। ਕਿਉਂਕਿ ਅੰਗਰੇਜ਼ਾਂ ਦੀ ਹਿਰਾਸਤ ਵਿੱਚ 1849 ’ਚ ਮਹਾਰਾਜਾ ਦਲੀਪ ਸਿੰਘ ਨੇ ਪੰਜਾਬ ’ਚ ਆਪਣੀ ਆਖਰੀ ਰਾਤ ਇਸੇ ਕੋਠੀ ਵਿੱਚ ਕੱਟੀ ਸੀ।
‘ਬੱਸੀਆਂ ਕੋਠੀ’ ਨੂੰ ਯਾਦਗਾਰ ਵਜੋਂ ਵਿਕਸਤ ਕੀਤੇ ਜਾਣ ਤੋਂ ਬਾਅਦ ਇਹ ਆਮ ਲੋਕਾਂ ਲਈ ਇਕ ਸ਼ਾਨਦਾਰ ਸੈਰਗਾਹ ਵਜੋਂ ਜਾਣੀ ਜਾਣ ਲੱਗੀ। ਪ੍ਰੰਤੂ 2017 ਤੋਂ ਬਾਅਦ ਪੰਜਾਬ ਸਰਕਾਰ ਇਸ ਤੋਂ ਬੇਮੁੱਖ ਹੋ ਗਈ ਤੇ ਇਸ ਦੀ ਸਾਂਭ-ਸੰਭਾਲ ਲਈ ਕੋਈ ਵੀ ਬਜਟ ਜਾਰੀ ਨਹੀਂ ਕੀਤਾ ਗਿਆ ਜਿਸ ਕਾਰਨ ਇਸ ਸ਼ਾਨਦਾਰ ਯਾਦਗਾਰ ਦੀ ਚਮਕ ਦਿਨੋਂ-ਦਿਨ ਫਿੱਕੀ ਪੈ ਰਹੀ ਹੈ।
ਇੱਥੋਂ ਤੱਕ ਕੇ ‘ਬੱਸੀਆਂ ਕੋਠੀ’ ਵਿਚ ਲਗਾਏ ਗਏ ਸਟਾਫ ਨੂੰ ਪਿਛਲੇ 1 ਮਹੀਨੇ ਤੋਂ ਤਨਖਾਹ ਨਹੀਂ ਮਿਲੀ, ਜਿਸ ਕਰਕੇ ਇਸ ਵਾਰ ਉਹ ਫਿੱਕੀ ਦੀਵਾਲੀ ਹੀ ਮਨਾਉਣਗੇ।
ਇਨ੍ਹਾਂ ਮੁਲਾਜ਼ਮਾਂ ਦਾ ਰੋਸ ਹੈ ਕਿ ਸਥਾਨਕ ਪ੍ਰਸ਼ਾਸਨ ਵੀ ਉਨ੍ਹਾਂ ਦੀ ਸਾਰ ਨਹੀਂ ਲੈ ਰਿਹਾ। ਕਰੋਨਾ ਮਹਾਂਮਾਰੀ ਤੋਂ ਪਹਿਲਾਂ ਇਸ ਥਾਂ ਵਿਆਹ ਵਾਲੇ ਪਰਿਵਾਰ ‘ਫੋਟੋ ਸ਼ੂਟ’ ਲਈ ਆਉਂਦੇ ਸਨ, ਜਿਸ ਲਈ ਫੀਸ ਤੈਅ ਕੀਤੀ ਹੋਈ ਸੀ, ਜਿਸ ਨਾਲ ਮੁਲਜ਼ਮਾਂ ਦੀਆਂ ਤਨਖਾਹਾਂ ਜਾਂ ਛੋਟੋ-ਮੋਟੇ ਖਰਚ ਚੱਲ ਜਾਂਦੇ ਸਨ। ਪ੍ਰੰਤੂ ਕਰੋਨਾ ਮਹਾਂਮਾਰੀ ਤੋਂ ਬਾਅਦ ਇਥੇ ਫੋਟੋਗ੍ਰਾਫੀ ਵੀ ਬੰਦ ਹੋ ਗਈ ਹੈ ਜਿਸ ਕਾਰਨ ਮੁਲਾਜ਼ਮ ਕਾਫੀ ਔਖੇ ਹਨ। ਇਨ੍ਹਾਂ ਮੁਲਾਜ਼ਮਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਘਰ-ਪਰਿਵਾਰ ਚਲਾਉਣ ਲਈ ਤੇ ਕੋਠੀ ਦੀ ਸਾਂਭ ਸੰਭਾਲ ਲਈ ਫੰਡ ਜਾਰੀ ਕੀਤੇ ਜਾਣ।