ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 29 ਅਗਸਤ
ਇਥੇ ਸ਼ਹਿਰ ਨੂੰ ਹੋਰ ਸ਼ਹਿਰਾਂ- ਪਿੰਡਾਂ ਨਾਲ ਜੋੜਦੀਆਂ ਲਗਪੱਗ ਸਾਰੀਆਂ ਸੜਕਾਂ ਦੀ ਹਾਲਤ ਖਸਤਾ ਬਣੀ ਹੋਈ ਹੈ। ਇਸ ਕਾਰਨ ਆਉਣ-ਜਾਣ ਵਾਲਿਆਂ ਅਤੇ ਵਾਹਨਾਂ ਲਈ ਵੀ ਅਸੁਰੱਖਿਅਤ ਹਨ। ਤੜਕਸਾਰ ਅਤੇ ਸ਼ਾਮ ਵੇਲੇ ਸੈਰ ਕਰਨ ਵਾਲਿਆਂ ਲਈ ਵੀ ਇਹ ਜਾਨ ਦਾ ਖੌਅ ਬਣੀਆਂ ਹੋਈਆਂ ਹਨ, ਕਿਉਂਕਿ ਹਨੇਰੇ ਵਿੱਚ ਪੈਦਲ ਚੱਲਣ ਵਾਲਿਆਂ ਨੂੰ ਛੋਟੇ ਜਿਹੇ ਟੋਏ ਤੋਂ ਵੀ ਡਿੱਗਣ ਦਾ ਖਦਸ਼ਾ ਬਣਿਆ ਰਹਿੰਦਾ ਹੈ।
ਨੀਵੀਆਂ ਬਸਤੀਆਂ ਵਿੱਚ ਸੀਵਰੇਜ ਦਾ ਪਾਣੀ ਭਰਨ ਅਤੇ ਬਰਸਾਤ ਦਾ ਪਾਣੀ ਇਕੱਠਾ ਹੋ ਜਾਣ ਤੋਂ ਬਾਅਦ ਤਾਂ ਹਾਲਤ ਬਦ ਤੋਂ ਵੀ ਬਦਤਰ ਹੋ ਜਾਂਦੀ ਹੈ ਅਤੇ ਖੜ੍ਹੇ ਪਾਣੀ ਵਿੱਚ ਮੱਛਰ ਆਦਿ ਪੈਦਾ ਹੋਣ ਨਾਲ ਬਿਮਾਰੀਆਂ ਫੈਲਣ ਦਾ ਖਦਸ਼ਾ ਹੈ। ਲੋਹਟਬੱਦੀ, ਰਾਏਕੋਟ, ਜੰਡਾਲੀ ਪੁਲ, ਦਲੀਜ ਅਤੇ ਜਗੇੜਾ ਨੂੰ ਜਾਣ ਵਾਲੀਆਂ ਸੜਕਾਂ ਉਨ੍ਹਾਂ ਰਸਤਿਆਂ ਵਿੱਚੋਂ ਹਨ, ਜਿਨ੍ਹਾਂ ਦੀ ਵਰਤੋਂ ਸ਼ਹਿਰ ਦੇ ਸਾਰੇ ਇਲਾਕਿਆਂ ਦੇ ਵਸਨੀਕ ਨਿੱਤ ਵਾਂਗ ਕਰਦੇ ਹਨ। ਬਜਰੰਗ ਅਖਾੜਾ ਰੋਡ, ਮੁਰਦਘਾਟ ਰੋਡ, ਜੰਡਾਲੀ ਰੋਡ, ਅਤੇ ਸਿਵਲ ਹਸਪਤਾਲ ਰੋਡ ਉਹ ਸੜਕਾਂ ’ਤੇ ਵਾਹਨ ਚਾਲਕਾਂ ਦੇ ਨਾਲ-ਨਾਲ ਪੈਦਲ ਚੱਲਣ ਵਾਲੇ ਆਮ ਲੋਕ ਅਤੇ ਵਿਦਿਆਰਥੀ ਵੀ ਅਉਂਦੇ-ਜਾਂਦੇ ਹਨ ਅਤੇ ਅਕਸਰ ਹੀ ਦੁਰਘਟਨਾ ਦਾ ਸ਼ਿਕਾਰ ਹੁੰਦੇ ਹਨ। ਭਾਜਪਾ ਆਗੂ ਰਮੇਸ਼ ਚੰਦਰ ਘਈ ਦੀ ਅਗਵਾਈ ਹੇਠ ਸ਼ਹਿਰ ਦੇ ਵਸਨੀਕਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਤੁਰੰਤ ਲੋੜੀਂਦੀ ਕਾਰਵਾਈ ਕਰਕੇ ਸਾਰੀਆਂ ਸੜਕਾਂ ਦੀ ਉਸਾਰੀ ਜਾਂ ਮੁਰੰਮਤ ਨਾ ਕੀਤੀ ਗਈ ਤਾਂ ਉਹ ਹਮਖਿਆਲੀ ਜਥਬੰਦੀਆਂ ਨੂੰ ਨਾਲ ਲੈ ਕੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।
ਮਿਉਂਸਿਪਲ ਕੌਂਸਲ ਦੇ ਕਾਰਜਸਾਧਕ ਅਫਸਰ ਚੰਦਰ ਪ੍ਰਕਾਸ਼ ਵਧਵਾ ਨੇ ਲੋਕਾਂ ਦੀ ਸ਼ਿਕਾਇਤ ਨੂੰ ਜਾਇਜ਼ ਕਰਾਰ ਦਿੰਦਿਆਂ ਦਾਅਵਾ ਕੀਤਾ ਕਿ ਬਹੁਤ ਜਲਦੀ ਪੰਜਾਬ ਸਰਕਾਰ ਵੱਲੋਂ ਨਵੀਆਂ ਗ੍ਰਾਂਟਾਂ ਆਉਣ ਤੋਂ ਬਾਅਦ ਸਾਰੀਆਂ ਸੜਕਾਂ ਨੂੰ ਮੁਰੰਮਤ ਤਾਂ ਕੀਤਾ ਹੀ ਜਾਵੇਗਾ ਅਤੇ ਜਿਹੜੀਆਂ ਸੜਕਾਂ ਨੂੰ ਮੁੜ ਉਸਾਰੀ ਦੀ ਲੋੜ ਹੈ, ਉਨ੍ਹਾਂ ਨੂੰ ਬਣਾਉਣ ਲਈ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਸ੍ਰੀ ਵਧਵਾ ਨੇ ਦਾਅਵਾ ਕੀਤਾ ਹੈ ਕਿ ਹਲਕਾ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਕੌਂਸਲ ਵੱਲੋਂ ਬਣਾ ਕੇ ਭੇਜੇ 12 ਕਰੋੜ ਰੁਪਏ ਦੇ ਐਸਟੀਮੇਟ ਸਬੰਧੀ ਗ੍ਰਾਂਟਾਂ ਪਾਸ ਕਰਵਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਨਾਲ ਤਾਲਮੇਲ ਕੀਤਾ ਹੋਇਆ ਹੈ।