ਗਗਨਦੀਪ ਅਰੋੜਾ
ਲੁਧਿਆਣਾ, 10 ਫਰਵਰੀ
ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਸ਼ਹਿਰ ਦੇ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਕੋਵਿਡ-19 ਤੋਂ ਬਚਾਅ ਲਈ ਵੈਕਸੀਨ ਦਾ ਡੋਜ਼ ਲਗਵਾਇਆ। ਇਸ ਦੌਰਾਨ ਉਨ੍ਹਾਂ ਸਾਰੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਹ ਆਪਣੇ ਆਪ ਵਿੱਚ ਪੂਰੀ ਤਰ੍ਹਾਂ ਤੰਦਰੁਸਤ ਅਤੇ ਸਿਹਤਮੰਦ ਮਹਿਸੂਸ ਕਰ ਰਹੇ ਹਨ।
ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਬਿਲਕੁਲ ਨਾ ਘਬਰਾਉਣ ਅਤੇ ਨਾ ਹੀ ਸੋਸ਼ਲ ਮੀਡੀਆ ’ਤੇ ਫੈਲੀਆਂ ਜਾ ਰਹੀਆਂ ਅਫਵਾਹਾਂ ’ਤੇ ਵਿਸ਼ਵਾਸ ਕਰਨ ਕਿਉਂਕਿ ਕਰੋਨਾ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ। ਵੈਕਸੀਨ ਦਾ ਡੋਜ਼ ਲਗਵਾਉਣ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਫੇਸਬੁੱਕ ਪੇਜ ’ਤੇ ਆਪਣੇ ਹਫ਼ਤਾਵਾਰੀ ਫੇਸਬੁੱਕ ਲਾਈਵ ਸੈਸ਼ਨ ਦੌਰਾਨ ਲੋਕਾਂ ਨਾਲ ਗੱਲਬਾਤ ਕੀਤੀ।
ਉਨ੍ਹਾਂ ਦੇ ਨਾਲ ਕਾਰਡੀਓਲੌਜੀ ਦੇ ਪ੍ਰੋਫੈਸਰ ਡਾ. ਬਿਸ਼ਵ ਮੋਹਨ ਅਤੇ ਡਾ. ਅਸ਼ਵਨੀ ਕੇ ਚੌਧਰੀ ਪ੍ਰੋਫੈਸਰ ਅਤੇ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਦੇ ਕਮਿਊਨਿਟੀ ਮੈਡੀਸਨ ਵਿਭਾਗ ਦੇ ਮੁਖੀ ਵੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਦੇ ਕਰੀਬ 34,000 ਸਿਹਤ ਕਰਮਚਾਰੀਆਂ ਵਿੱਚੋਂ 17,000 ਨੇ ਟੀਕੇ ਲਗਵਾਏ ਹਨ ਅਤੇ ਉਨ੍ਹਾਂ ਦਾ ਟੀਕਾਕਰਨ 19 ਫਰਵਰੀ ਤੱਕ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਦੂਜੇ ਪੜਾਅ ਤਹਿਤ ਜ਼ਿਲ੍ਹਾ ਲੁਧਿਆਣਾ ਵਿੱਚ 20,000 ਦੇ ਕਰੀਬ ਫ਼ਰੰਟ ਲਾਈਨ ਕਰਮਚਾਰੀ ਰਜਿਸਟਰਡ ਹੋਏ ਹਨ, ਜਿਨ੍ਹਾਂ ਵਿੱਚ 11,000 ਦੇ ਕਰੀਬ ਪੁਲੀਸ ਮੁਲਾਜ਼ਮ, 8000 ਦੇ ਕਰੀਬ ਸੈਨੀਟੇਸ਼ਨ ਕਰਮਚਾਰੀ, ਮਾਲ ਵਿਭਾਗ ਅਤੇ ਹੋਰ ਸਬੰਧਤ ਵਿਭਾਗਾਂ ਦੇ ਤਕਰੀਬਨ 1000 ਅਧਿਕਾਰੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਤਕਰੀਬਨ 2,700 ਫ਼ਰੰਟ ਲਾਈਨ ਵਰਕਰਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ ਅਤੇ 5 ਮਾਰਚ ਤੱਕ ਵੱਧ ਤੋਂ ਵੱਧ ਫਰੰਟ ਲਾਈਨ ਵਰਕਰਾਂ ਨੂੰ ਇਸ ’ਚ ਸ਼ਾਮਲ ਕਰਨ ਦੀ ਆਸ ਹੈ। ਡਾ. ਅਸ਼ਵਨੀ ਕੇ. ਚੌਧਰੀ ਨੇ ਕਿਹਾ ਕਿ ਹੁਣ ਤੱਕ ਵੈਕਸੀਨੇਸ਼ਨ ਕਰਵਾ ਚੁੱਕੇ ਵਿਅਕਤੀ ਪੂਰੀ ਤਰ੍ਹਾਂ ਤੰਦਰੁਸਤ ਹਨ ਅਤੇ ਉਨ੍ਹਾਂ ਅਪੀਲ ਕੀਤੀ ਕਿ ਸਾਨੂੰ ਸਾਰਿਆਂ ਨੂੰ ਆਪਣੇ ਪਰਿਵਾਰਾਂ ਅਤੇ ਸਮਾਜ ਦੇ ਹਿੱਤ ਵਿਚ ਵੈਕਸੀਨੇਸ਼ਨ ਕਰਵਾਉਣੀ ਚਾਹੀਦੀ ਹੈ। ਡਾ. ਬਿਸ਼ਵ ਮੋਹਨ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅੱਗੇ ਆ ਕੇ ਖੁਦ ਵੈਕਸੀਨੇਸ਼ਨ ਕਰਵਾਉਣ।
ਕਰੋਨਾ ਕਾਰਨ ਇਕ ਮੌਤ
ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਜ਼ਿਲ੍ਹਾ ਲੁਧਿਆਣਾ ਵਿਚ ਬੁੱਧਵਾਰ ਨੂੰ ਕਰੋਨਾ ਦੇ 38 ਨਵੇਂ ਕੇਸ ਸਾਹਮਣੇ ਆਏ ਹਨ ਜਿਨ੍ਹਾਂ ’ਚ 35 ਮਰੀਜ਼ ਲੁਧਿਆਣਾ ਤੇ ਤਿੰਨ ਮਰੀਜ਼ ਹੋਰ ਜ਼ਿਲ੍ਹਿਆਂ ਨਾਲ ਸਬੰਧਤ ਹਨ। ਇਸ ਤੋਂ ਇਲਾਵਾ ਸ਼ਹਿਰ ਦੇ ਧਾਂਦਰਾ ਰੋਡ ਦੇ ਵਾਸੀ 63 ਸਾਲਾ ਬਜ਼ੁਰਗ ਦੀ ਕਰੋਨਾ ਕਾਰਨ ਐੱਸਪੀਐੱਸ ਹਸਪਤਾਲ ’ਚ ਮੌਤ ਹੋ ਗਈ ਹੈ।