ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 20 ਅਕਤੂਬਰ
ਕਰੀਬ ਦੋ ਮਹੀਨੇ ਪਹਿਲਾਂ ਇੱਥੋਂ ਦੀ ਲਿੰਕ ਰੋਡ ਦਾ ਵੱਡਾ ਹਿੱਸਾ ਨਵੇਂ ਸਿਰੇ ਤੋਂ ਬਣਾਉਣ ਦਾ ਕੰਮ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੇ ਸ਼ੁਰੂ ਕਰਵਾਇਆ ਸੀ ਪਰ ਇਹ ਸਿਰੇ ਨਹੀਂ ਲੱਗ ਸਕਿਆ। ਸੜਕ ’ਤੇ ਜਿੱਥੇ ਦੁਬਾਰਾ ਇੰਟਰਲਾਕ ਟਾਇਲਾਂ ਲੱਗਣੀਆਂ ਸਨ, ਉਥੇ ਗਟਕਾ ਪਾ ਕੇ ਕੰਮ ਵਿਚਾਲੇ ਛੱਡ ਦਿੱਤਾ ਗਿਆ ਹੈ। ਸੜਕ ਦਾ ਇਕ ਪਾਸਾ ਇਸੇ ਕਾਰਨ ਕਾਰਨ ਬੰਦ ਪਿਆ ਹੈ, ਜਦਕਿ ਸਾਰੀ ਆਵਾਜਾਈ ਦੂਜੇ ਪਾਸਿਓਂ ਲੰਘਣ ਕਰਕੇ ਅਕਸਰ ਜਾਮ ਲੱਗਿਆ ਰਹਿੰਦਾ ਹੈ ਹੈ। ਲਿੰਕ ਰੋਡ ਦੀਆਂ ਜਿਹੜੀਆਂ ਦੁਕਾਨਾਂ ਅੱਗਿਓਂ ਬਣਾਉਣ ਲਈ ਸੜਕ ਪੁੱਟੀ ਗਈ, ਉਨ੍ਹਾਂ ਦਾ ਲੋਕਾਂ ਨਾਲੋਂ ਸੰਪਰਕ ਟੁੱਟ ਗਿਆ ਹੈ। ਦੁਕਾਨਦਾਰਾਂ ਨੇ ਸੜਕ ਵਾਲੀ ਜਗ੍ਹਾ ਨੂੰ ਪਾਰਕਿੰਗ ਵਜੋਂ ਵਰਤਣਾ ਸ਼ੁਰੂ ਕਰ ਦਿੱਤਾ ਗਿਆ ਹੈ। ਲਿੰਕ ਰੋਡ ਦੇ ਦੁਕਾਨਦਾਰ ਸੁਖਵਿੰਦਰ ਸਿੰਘ, ਗੁਲਸ਼ਨ ਕੁਮਾਰ, ਜਗਦੇਵ ਸਿੰਘ ਤੇ ਹੋਰਾਂ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਜਦੋਂ ਇੰਟਰਲਾਕ ਟਾਈਲਾਂ ਵਾਲੀ ਸੜਕ ਬਣੀ ਤਾਂ ਇਸ ਦਾ ਇੱਕ ਪਾਸਾ ਦੱਬ ਗਿਆ। ਪਾਣੀ ਦੀ ਸਹੀ ਨਿਕਾਸੀ ਦਾ ਪ੍ਰਬੰਧ ਨਾ ਕਰਨ ਕਰਕੇ ਮੀਂਹ ਪੈਣ ਮਗਰੋਂ ਇੱਥੇ ਪਾਣੀ ਖੜ੍ਹਾ ਰਹਿਣ ਲੱਗਿਆ। ਕੁਝ ਸਮੇਂ ਬਾਅਦ ਇਹ ਸੜਕ ਵਿਚਕਾਰ ਤੋਂ ਅੰਦਰ ਨੂੰ ਧੱਸਣੀ ਸ਼ੁਰੂ ਹੋ ਗਈ। ਹੌਲੀ-ਹੌਲੀ ਇੰਟਰਲਾਕ ਟਾਈਲਾਂ ਹਿੱਲਣ ਲੱਗੀਆਂ ਅਤੇ ਫਿਰ ਸੜਕ ਦੀ ਹਾਲਤ ਖਸਤਾ ਹੋ ਗਈ। ਉਨ੍ਹਾਂ ਕਿਹਾ ਕਿ ਕਈ ਵਾਰ ਸਰਕਾਰੀ ਨੁਮਾਇੰਦਿਆਂ ਦੇ ਧਿਆਨ ਵਿੱਚ ਲਿਆ ਕੇ ਨਵੇਂ ਸਿਰੇ ਤੋਂ ਸੜਕ ਬਣਾਉਣ ਦੀ ਮੰਗ ਕੀਤੀ ਗਈ ਪਰ ਵਿਭਾਗ ਨੇ ਨੀਵਾਂ ਪਾਸਾ ਬਣਾਉਣ ਦੀ ਥਾਂ ਸੜਕ ਦੇ ਦੂਜੇ ਪਾਸੇ ਇੰਟਰਲਾਕ ਟਾਈਲਾਂ ਲਗਾ ਦਿੱਤੀਆਂ। ‘ਆਪ’ ਸਰਕਾਰ ਬਣਨ ਮਗਰੋਂ ਹਲਕਾ ਵਿਧਾਇਕ ਮਾਣੂੰਕੇ ਨੇ ਕਈ ਕੌਂਸਲਰਾਂ ਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਸੜਕ ਦਾ ਇੱਕ ਹਿੱਸਾ ਦੁਬਾਰਾ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ ਪਰ ਦੋ ਮਹੀਨਿਆਂ ਤੋਂ ਕੰਮ ਵਿਚਾਲੇ ਰੁਕਿਆ ਪਿਆ ਹੈ। ਦੁਕਾਨਦਾਰਾਂ ਨੇ ਦੱਸਿਆ ਕਿ ਪਹਿਲਾਂ ਲੋਕ ਔਖੇ-ਸੌਖੇ ਸੜਕ ਤੋਂ ਲੰਘ ਰਹੇ ਸਨ ਪਰ ਹੁਣ ਲਾਂਘਾ ਬੰਦ ਕਰਨ ਕਾਰਨ ਇੱਥੇ ਆਵਾਜਾਈ ਬੰਦ ਹੈ ਅਤੇ ਲੋਕ ਸੜਕ ਨੂੰ ਪਾਰਕਿੰਗ ਵਜੋਂ ਵਰਤ ਰਹੇ ਹਨ।
ਰੇਤ ਦੇ ਭਾਅ ਵਧਣ ਕਾਰਨ ਰੋਕਿਆ ਕੰਮ: ਕਾਰਜਸਾਧਕ ਅਫ਼ਸਰ
ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ ਨੇ ਕਿਹਾ ਕਿ ਪਹਿਲੇ ਠੇਕੇਦਾਰ ਨੇ ਤੈਅਸ਼ੁਦਾ ਨਿਯਮਾਂ ਮੁਤਾਬਕ ਸੜਕ ਨਹੀਂ ਸੀ ਬਣਾਈ, ਜਿਸ ਕਰਕੇ ਇਹ ਥਾਂ-ਥਾਂ ਤੋਂ ਧੱਸ ਗਈ। ਕਾਰਜਸਾਧਕ ਅਫ਼ਸਰ ਮਨੋਹਰ ਸਿੰਘ ਨੇ ਦੱਸਿਆ ਕਿ ਸੜਕ ਦਾ ਸ਼ੁਰੂ ਹੋਣ ਸਮੇਂ ਬਰਸਾਤੀ ਮੌਸਮ ਕਾਰਨ ਖਣਨ ’ਤੇ ਰੋਕ ਲੱਗ ਗਈ। ਰੇਤ ਦੇ ਭਾਅ ਵਧ ਜਾਣ ਕਰਕੇ ਠੇਕੇਦਾਰ ਨੂੰ ਕੰਮ ਰੋਕਣਾ ਪੈ ਗਿਆ ਸੀ ਪਰ ਹੁਣ ਜਲਦੀ ਸੜਕ ਬਣਵਾ ਦਿੱਤੀ ਜਾਵੇਗੀ।