ਸੰਤੋਖ ਗਿੱਲ
ਗੁਰੂਸਰ ਸੁਧਾਰ, 28 ਅਗਸਤ
ਹਲਵਾਰਾ ਦੇ ਕੌਮਾਂਤਰੀ ਹਵਾਈ ਅੱਡੇ ਦਾ ਨਾਂ ਗ਼ਦਰ ਲਹਿਰ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਮ ਉੱਪਰ ਰੱਖਣ ਦੀ ਮੰਗ ਜ਼ੋਰ ਫੜਦੀ ਜਾ ਰਹੀ ਹੈ, ਸੀਨੀਅਰ ਟਕਸਾਲੀ ਅਕਾਲੀ ਆਗੂ ਜਥੇਦਾਰ ਰਣਜੀਤ ਸਿੰਘ ਤਲਵੰਡੀ ਨੇ ਆਪਣੇ ਸਾਥੀਆਂ ਸਮੇਤ ਪਿੰਡ ਹਲਵਾਰਾ ਵਿਚ ਲੁਧਿਆਣਾ-ਬਠਿੰਡਾ ਰਾਜ ਮਾਰਗ ’ਤੇ ਲਗਾਏ ਦਿਸ਼ਾ ਸੂਚਕ ਬੋਰਡ ਨਜ਼ਦੀਕ ਆਵਾਜ਼ ਬੁਲੰਦ ਕਰਦਿਆਂ ਕਿਹਾ ਕਿ ਆਜ਼ਾਦੀ ਦੀ ਲੜਾਈ ਵਿੱਚ ਛੋਟੀ ਉਮਰੇ ਵੱਡੀ ਕੁਰਬਾਨੀ ਦੇਣ ਵਾਲੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਕੁਰਬਾਨੀ ਨੂੰ ਸਰਕਾਰਾਂ ਹੁਣ ਤੱਕ ਨਜ਼ਰਅੰਦਾਜ਼ ਕਰਦੀਆਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਅਤੇ ਸੂਬਾ ਸਰਕਾਰ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਨਜ਼ਰਅੰਦਾਜ਼ ਕੀਤਾ ਤਾਂ ਸੰਘਰਸ਼ ਵਿੱਢਿਆ ਜਾਵੇਗਾ। ਜਥੇਦਾਰ ਤਲਵੰਡੀ ਨੇ ਕਿਹਾ ਕਿ ਇਸ ਮੰਗ ਸਬੰਧੀ ਉਨ੍ਹਾਂ ਵੱਲੋਂ ਅਗਸਤ ਮਹੀਨੇ ਤੋਂ ਕਰਤਾਰ ਸਿੰਘ ਸਰਾਭਾ ਦੇ ਜੱਦੀ ਪਿੰਡ ਸਰਾਭਾ ਵਿਚ ਦਸਤਖ਼ਤੀ ਮੁਹਿੰਮ ਸ਼ੁਰੂ ਕੀਤੀ ਗਈ ਸੀ, ਜਿਸ ਨੂੰ ਲੱਖਾਂ ਲੋਕਾਂ ਨੇ ਹੁੰਗਾਰਾ ਦਿੱਤਾ ਹੈ।
ਰਾਏਕੋਟ (ਰਾਮ ਗੋਪਾਲ ਰਾਏਕੋਟੀ): ਨੇੜਲੇ ਪਿੰਡ ਆਂਡਲੂ ਵਿੱਚ ਰਾਜਦੀਪ ਸਿੰਘ ਆਂਡਲੂ ਦੀ ਅਗਵਾਈ ਹੇਠ ਵੱਡਾ ਇੱਕਠ ਕਰਕੇ ਮੰਗ ਕੀਤੀ ਗਈ ਕਿ ਹਲਵਾਰਾ ਵਿੱਚ ਬਣ ਰਹੇ ਇੰਟਰਨੈਸ਼ਨਲ ਏਅਰਪੋਰਟ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਮ ’ਤੇ ਰੱਖਿਆ ਜਾਵੇ।