ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 30 ਸਤੰਬਰ
ਪੇਂਡੂ ਮਜ਼ਦੂਰ ਯੂਨੀਅਨ ਦੇ ਵਫ਼ਦ ਨੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਦੀ ਅਗਵਾਈ ਹੇਠ ਅੱਜ ਇਥੇ ਜ਼ਿਲ੍ਹਾ ਪੁਲੀਸ ਮੁਖੀ ਹਰਜੀਤ ਸਿੰਘ ਅਤੇ ਮਾਰਕੀਟ ਕਮੇਟੀ ਦੇ ਸੈਕਟਰੀ ਗੁਰਮਤਪਾਲ ਸਿੰਘ ਨੂੰ ਮਿਲਿਆ। ਵਫ਼ਦ ਵਿੱਚ ਬੀਕੇਯੂ ਏਕਤਾ (ਡਕੌਂਦਾ) ਦਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਵੀ ਸ਼ਾਮਲ ਸੀ। ਅਧਿਕਾਰੀਆਂ ਨੂੰ ਦਿੱਤੇ ਮੰਗ ਪੱਤਰ ’ਚ ਜਗਰਾਉਂ ਨਾਲ ਸਬੰਧਤ ਦਾਣਾ ਮੰਡੀਆਂ ਦੇ ਝਾੜ-ਫੂਸ ਦੇ ਠੇਕੇਦਾਰ ਵੱਲੋਂ ਦਾਣਾ ਮੰਡੀਆਂ ਦੇ ਬਾਹਰ ਕਿਸਾਨਾਂ ਦਾ ਝੋਨਾ ਸਾਫ਼ ਕਰਨ ਲਈ ਲਾਏ ਜਾਂਦੇ ਹੜੰਬੇ ਬੰਦ ਕਰਵਾਉਣ ਲਈ ਦਿੱਤੀ ਕਥਿਤ ਧਮਕੀ ਦਾ ਮਾਮਲਾ ਧਿਆਨ ’ਚ ਲਿਆਂਦਾ। ਉਨ੍ਹਾਂ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਆਪਣੇ ਰੁਜ਼ਗਾਰ ਲਈ ਪਿੰਡਾਂ ਦੇ ਮਜ਼ਦੂਰ ਤੇ ਕਿਸਾਨ ਦਾਣਾ ਮੰਡੀਆਂ ਦੇ ਬਾਹਰ ਝੋਨੇ ਦੇ ਸੀਜ਼ਨ ’ਚ ਝੋਨਾ ਸਾਫ਼ ਕਰਨ ਲਈ ਹੜੰਬੇ ਲਾਉਂਦੇ ਆ ਰਹੇ ਹਨ। ਨਿਯਮਾਂ ਮੁਤਾਬਕ ਮਾਰਕੀਟ ਕਮੇਟੀ ਨੂੰ ਮੰਡੀਆਂ ਤੋਂ ਬਾਹਰ ਲੱਗੇ ਹੜੰਬਿਆਂ ’ਤੇ ਕੋਈ ਇਤਰਾਜ਼ ਨਹੀਂ, ਪਰ ਇਸ ਦੇ ਬਾਵਜੂਦ ਵੀ ਝਾੜ-ਫੂਸ ਦਾ ਠੇਕੇਦਾਰ ਝੋਨਾ ਸਾਫ਼ ਕਰਨ ਵਾਲੇ ਹੜੰਬੇ ਵਾਲਿਆਂ ਨੂੰ ਹੜੰਬੇ ਨਾ ਲਾਉਣ ਦੀਆਂ ਧਮਕੀਆਂ ਦੇ ਰਿਹਾ ਹੈ। ਇਸ ਸਬੰਧੀ ਐੱਸਐੱਸਪੀ ਨੇ ਕਾਰਵਾਈ ਦਾ ਭਰੋਸਾ ਦਿੱਤਾ। ਇਸ ਮੌਕੇ ਕੁਲਵੰਤ ਸਿੰਘ, ਹਾਕਮ ਸਿੰਘ, ਗਾਂਧੀ ਸਿੰਘ, ਗੁਰਮੀਤ ਸਿੰਘ ਆਦਿ ਹਾਜ਼ਰ ਸਨ।