ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 17 ਜਨਵਰੀ
ਅਨੁਸੂਚਿਤ ਜਾਤੀ ਨਾਲ ਸਬੰਧਤ ਪਰਿਵਾਰ ਨੂੰ ਕਥਿਤ ਨਾਜ਼ਾਇਜ਼ ਹਿਰਾਸਤ ’ਚ ਰੱਖਣ ਅਤੇ ਬਾਅਦ ’ਚ ਪੀੜਤ ਪਰਿਵਾਰ ਦੀ ਲੜਕੀ ਦੀ ਮੌਤ ਹੋਣ ਮਗਰੋਂ ਨਾਮਜ਼ਦ ਕੀਤੇ ਗਏ ਡੀਐੱਸਪੀ, ਐੱਸਆਈ, ਸਰਪੰਚ ਤੇ ਇਕ ਹੋਰ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਅੱਜ ਜਥੇਬੰਦੀਆਂ ਦਾ ਵਫ਼ਦ ਆਈਜੀ ਲੁਧਿਆਣਾ ਰੇਂਜ ਨੂੰ ਮਿਲਿਆ। ਵਫ਼ਦ ’ਚ ਸ਼ਾਮਲ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾ, ਨੌਜਵਾਨ ਭਾਰਤ ਸਭਾ ਦੇ ਆਗੂ ਕਰਮਜੀਤ ਸਿੰਘ ਮਾਣੂੰਕੇ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ ਤੇ ਹੋਰਨਾਂ ਨੇ ਦੱਸਿਆ ਕਿ ਆਈਜੀ ਐੱਸਪੀਐੱਸ ਪਰਮਾਰ ਦੇ ਧਿਆਨ ’ਚ ਲਿਆਂਦਾ ਗਿਆ ਕਿ ਸੰਗੀਨ ਧਾਰਾਵਾਂ ਤਹਿਤ ਪਰਚਾ ਦਰਜ ਕਰਨ ਦੇ ਬਾਵਜੂਦ ਪੁਲੀਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ। ਵਫ਼ਦ ਨੇ ਲਿਖਤੀ ਪੱਤਰ ਦੇ ਕੇ ਡੀਐੱਸਪੀ ਗੁਰਿੰਦਰ ਬੱਲ, ਥਾਣੇਦਾਰ ਰਾਜਵੀਰ ਸਿੰਘ ਤੇ ਹੋਰਨਾਂ ਦੀ ਗ੍ਰਿਫ਼ਤਾਰੀ ਬਿਨਾਂ ਦੇਰੀ ਕਰਨ ਦੀ ਮੰਗ ਕੀਤੀ। ਵਫ਼ਦ ਨੇ ਗ੍ਰਿਫ਼ਤਾਰੀ ਸਬੰਧੀ ਸਥਾਨਕ ਪੁਲੀਸ ਅਧਿਕਾਰੀਆਂ ਦੇ ਕਥਿਤ ਪੱਖਪਾਤੀ ਵਤੀਰੇ ਦੀ ਨਿਖੇਧੀ ਵੀ ਕੀਤੀ। ਕਰਮਜੀਤ ਕੋਟਕਪੂਰਾ ਤੇ ਹੋਰਨਾਂ ਨੇ ਦੱਸਿਆ ਕਿ ਆਈਜੀ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਦਸਤੀ ਸੀਲਬੰਦ ਪੱਤਰ ਜ਼ਿਲ੍ਹਾ ਪੁਲੀਸ ਮੁਖੀ ਦੇ ਨਾਂ ਦਿੱਤਾ ਜੋ ਉਨ੍ਹਾਂ ਅੱਜ ਇਥੇ ਆ ਕੇ ਐੱਸਐੱਸਪੀ ਦੀ ਗੈਰਹਾਜ਼ਰੀ ’ਚ ਸਟਾਫ਼ ਨੂੰ ਸੌਂਪ ਦਿੱਤਾ ਹੈ। ਵਫ਼ਦ ਨੇ ਕਿਹਾ ਕਿ 26 ਜਨਵਰੀ ਤੱਕ ਕਾਰਵਾਈ ਨਾ ਹੋਣ ਦੀ ਸੂਰਤ ’ਚ ਗਣਤੰਤਰ ਦਿਵਸ ਤੋਂ ਵੱਖ-ਵੱਖ ਜਥੇਬੰਦੀਆਂ ਥਾਣਾ ਸਿਟੀ ਜਗਰਾਉਂ ਅੱਗੇ ਅਣਮਿਥੇ ਸਮੇਂ ਲਈ ਪੱਕਾ ਮੋਰਚਾ ਲਾਉਣਗੀਆਂ। ਵਫ਼ਦ ’ਚ ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ, ਮਨੋਹਰ ਸਿੰਘ ਝੋਰੜਾਂ, ਦਰਸ਼ਨ ਸਿੰਘ ਧਾਲੀਵਾਲ ਆਦਿ ਸ਼ਾਮਲ ਸਨ।