ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 12 ਅਪਰੈਲ
ਬੇਟ ਇਲਾਕੇ ਦੀ ਲੋਧੀਵਾਲ ਮੰਡੀ ਦੇ ਚੌਧਰੀਆਂ ਵੱਲੋਂ ਅੱਜ ਸਿੱਧਵਾਂ ਬੇਟ ਮੁੱਖ ਮੰਡੀ ’ਚ ਮੀਟਿੰਗ ਦੌਰਾਨ ਪਾਸ ਕੀਤੇ ਇਕ ਮਤੇ ਨੇ ਨਵਾਂ ਰੱਫੜ ਖੜ੍ਹਾ ਕਰਾ ਦਿੱਤਾ ਹੈ। ਜਗਰਾਉਂ ਦੀ ਆੜ੍ਹਤੀ ਐਸੋਸੀਏਸ਼ਨ ਨੇ ਇਸ ਨੂੰ ਕਿਸਾਨ ਵਿਰੋਧੀ ਕਰਾਰ ਦਿੰਦੇ ਹੋਏ ਕਿਸਾਨਾਂ ਨਾਲ ਖੜ੍ਹਣ ਦਾ ਐਲਾਨ ਕੀਤਾ ਹੈ। ਨਾਲ ਹੀ ਮਾਰਕੀਟ ਕਮੇਟੀ ਅਤੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਇਸ ਮਤੇ ਦਾ ਨੋਟਿਸ ਲੈ ਕੇ ਬਣਦੀ ਕਾਰਵਾਈ ਦੀ ਅਪੀਲ ਕੀਤੀ ਹੈ। ਪ੍ਰਧਾਨ ਗੁਰਦੀਪ ਸਿੰਘ, ਗੁਰਪ੍ਰੀਤ ਸਿੰਘ ਬੱਬੀ, ਜਸਵਿੰਦਰ ਸਿੰਘ, ਜਗਜੀਵਨ ਸਿੰਘ, ਦਰਸ਼ਨ ਸਿੰਘ, ਸੁਰੇਸ਼ ਕੁਮਾਰ ਆਦਿ ਦੇ ਦਸਤਖਤਾਂ ਵਾਲੇ ਮਤੇ ’ਚ ਕਿਹਾ ਗਿਆ ਹੈ ਕਿ ਸਿੱਧਵਾਂ ਬੇਟ ਮੁੱਖ ਮੰਡੀ ’ਚ ਹੋਈ ਮੀਟਿੰਗ ਦੌਰਾਨ ਇਹ ਫ਼ੈਸਲਾ ਹੋਇਆ ਕਿ ਜੋ ਮਾਲ ਵੱਡੇ ਕੰਡੇ ਤੋਂ ਹੋ ਕੇ ਆਏਗਾ ਉਸ ਦੀ ਦੋ ਕਿਲੋ ਕਾਟ ਪ੍ਰਤੀ ਕੁਇੰਟਲ ਕੱਟੀ ਜਾਵੇਗੀ। ਜੋ ਇਸ ਫ਼ੈਸਲੇ ਤੋਂ ਮੁਨਕਰ ਹੋਵੇਗਾ ਜਾਂ ਉਲਟ ਜਾਵੇਗਾ ਉਸ ਖ਼ਿਲਾਫ਼ ਸਖ਼ਤ ਕਾਰਵਾਈ ਤੋਂ ਇਲਾਵਾ 20 ਹਜ਼ਾਰ ਰੁਪਏ ਜੁਰਮਾਨਾ ਹੋਵੇਗਾ। ਚੌਧਰੀਆਂ ਦੀ ਜਥੇਬੰਦੀ ਦੇ ਆਗੂਆਂ ਦਾ ਕਹਿਣਾ ਸੀ ਕਿ ਅਜਿਹਾ ਕਰਨਾ ਉਨ੍ਹਾਂ ਦੀ ਮਜਬੂਰੀ ਹੈ ਕਿਉਂਕਿ ਮੰਡੀਆਂ ’ਚ ਕਣਕ ਲੰਬਾਂ ਸਮਾਂ ਪਏ ਰਹਿਣ ਤੇ ਕੁਝ ਹੋਰਨਾਂ ਕਾਰਨਾਂ ਕਰਕੇ ਕਟੌਤੀ ਦੀ ਮਾਰ ਉਨ੍ਹਾਂ ਨੂੰ ਝੱਲਣੀ ਪੈਂਦੀ ਹੈ। ਏਸ਼ੀਆ ਦੀ ਦੂਜੀ ਵੱਡੀ ਮੰਡੀ ਦੀ ਆੜ੍ਹਤੀ ਐਸੋਸੀਏਸ਼ਨ ਨੇ ਇਸ ਦੇ ਉਲਟ ਕਿਸਾਨਾਂ ਨਾਲ ਖੜ੍ਹਨ ਦਾ ਫ਼ੈਸਲਾ ਲਿਆ ਹੈ। ਪ੍ਰਧਾਨ ਕਨ੍ਹਈਆ ਲਾਲ ਬਾਂਕਾ ਤੇ ਜਗਜੀਤ ਸਿੰਘ ਸਿੱਧੂ ਨੇ ਇਸ ਮਤੇ ਨੂੰ ‘ਠੱਗੀ’ ਭਰਿਆ ਕਰਾਰ ਦਿੰਦਿਆਂ ਕਿਹਾ ਕਿ ਇਹ ਕਿਸੇ ਵੀ ਤਰ੍ਹਾਂ ਕਿਸਾਨਾਂ ਦੇ ਹੱਕ ’ਚ ਨਹੀਂ ਹੈ। ਅਜਿਹੇ ਮਤੇ ਉੱਪਰ ਸਬੰਧਤ ਖਰੀਦ ਏਜੰਸੀ ਨੂੰ ਅਤੇ ਸਬੰਧਤ ਮਾਰਕੀਟ ਕਮੇਟੀ ਨੂੰ ਵੀ ਤੁਰੰਤ ਐਕਸ਼ਨ ਲੈਂਦਿਆਂ ਕਿਸਾਨ ਦੀ ਹੋਣ ਜਾ ਰਹੀ ਲੁੱਟ ਤੋਂ ਬਚਾਉਣਾ ਚਾਹੀਦਾ ਹੈ। ਆੜ੍ਹਤੀ ਐਸੋਸੀਏਸ਼ਨ ਜਗਰਾਉਂ ਵੱਲੋਂ ਮਾਰਕੀਟ ਕਮੇਟੀ ਸਿੱਧਵਾਂ ਬੇਟ ਅਤੇ ਖਰੀਦ ਏਜੰਸੀ ਜੋ ਲੋਧੀਵਾਲ ਮੰਡੀ ’ਚ ਖਰੀਦ ਕਰਦੇ ਹਨ, ਨੂੰ ਕਾਰਵਾਈ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਸਮਾਂ ਰਹਿੰਦੇ ਉੱਭਰ ਰਹੀ ਇਸ ‘ਬੀਮਾਰੀ’ ਨੂੰ ਨੱਥ ਪਾਈ ਜਾਵੇ। ਆੜ੍ਹਤੀ ਆਗੂਆਂ ਨੇ ਕਿਹਾ ਕਿ ਇਸ ਮੁੱਦੇ ’ਤੇ ਅਗਾਂਹ ਜੇ ਕੋਈ ਰੱਫੜ ਵਧਦਾ ਹੈ ਤਾਂ ਉਹ ਕਿਸਾਨਾਂ ਨਾਲ ਖੜ੍ਹਨਗੇ। ਮਾਰਕੀਟ ਕਮੇਟੀ ਦੇ ਸੈਕਟਰੀ ਕਮਲਪ੍ਰੀਤ ਸਿੰਘ ਕਲਸੀ ਨੇ ਕਿਹਾ ਕਿ ਉਨ੍ਹਾਂ ਅਜਿਹਾ ਕੋਈ ਮਤਾ ਹਾਲੇ ਨਹੀਂ ਦੇਖਿਆ।