ਪੱਤਰ ਪ੍ਰੇਰਕ
ਪਾਇਲ, 21 ਜੁਲਾਈ
ਹਲਕਾ ਪਾਇਲ ਦੇ ਸਰਕਾਰੀ ਸਕੂਲ ਲਸੋਈ ਵਿੱਚ ਪੜ੍ਹਾਉਣ ਜਾ ਰਹੇ ਗੋਸਲਾਂ ਦੇ ਲੈਕਚਰਾਰ ਨਰਿੰਦਰਪਾਲ ਸਿੰਘ ਦੀ ਕਾਰ ਪਿੰਡ ਲਸੋਈ ਦੇ ਇੱਕ ਛੱਪੜ ਵਿੱਚ ਪਲਟਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦੇਰ ਰਾਤ ਤੋਂ ਪੈ ਰਹੇ ਭਾਰੀ ਮੀਹ ਕਾਰਨ ਸੜਕਾਂ ਦੇ ਉੱਪਰੋਂ ਦੀ ਕਈ ਥਾਂ ਪਾਣੀ ਜਾ ਰਿਹਾ ਸੀ ਅਤੇ ਸੜਕ ਦੇ ਬਰਮ ਵੀ ਪਾਣੀ ਵਿੱਚ ਡੁੱਬੇ ਹੋਏ ਸਨ। ਲਸੋਈ ਪਿੰਡ ਵਾਲੀ ਸੜਕ ਦੇ ਨਾਲ ਇੱਕ ਟੋਭਾ ਹੈ ਅਤੇ ਪਾਣੀ ਜ਼ਿਆਦਾ ਹੋਣ ਕਰਕੇ ਗੱਡੀ ਟੋਭੇ ਵਿੱਚ ਪਲਟ ਗਈ। ਮੀਂਹ ਰੁਕਣ ਤੋਂ ਬਾਅਦ ਕਿਸਾਨ ਖੇਤਾਂ ਵੱਲ ਆਏ ਤਾਂ ਉਨ੍ਹਾਂ ਨੇ ਪਾਣੀ ਵਿੱਚ ਮੂਧੀ ਹੋਈ ਗੱਡੀ ਤੇ ਟਰੈਕਟਰਾਂ ਨਾਲ ਕਾਰ ਨੂੰ ਬਾਹਰ ਕੱਢਿਆ ਤਾਂ ਉਦੋਂ ਤੱਕ ਚਾਲਕ ਦੀ ਮੌਤ ਹੋ ਚੁੱਕੀ ਸੀ।