ਪੱਤਰ ਪ੍ਰੇਰਕ
ਪਾਇਲ , 12 ਸਤੰਬਰ
ਇਥੇ ਪਿੰਡ ਲਾਪਰਾਂ ਦੇ 23 ਸਾਲਾਂ ਨੌਜਵਾਨ ਲਖਵੀਰ ਸਿੰਘ ਲੱਖੀ ਪੁੱਤਰ ਜਗਦੀਸ਼ ਸਿੰਘ ਦੀ ਸ਼ੱਕੀ ਹਲਾਤਾਂ ਵਿੱਚ ਮੌਤ ਹੋ ਗਈ ਹੈ। ਮ੍ਰਿਤਕ ਦੇ ਪਿਤਾ ਜਗਦੀਸ਼ ਸਿੰਘ ਨੇ ਦੱਸਿਆ ਕਿ ਉਸਦਾ ਪੁੱਤਰ ਪੇਸ਼ੇ ਵਜੋਂ ਪਿੰਡ ਵਿੱਚ ਹੀ ਦੁਕਾਨ ਕਰਦਾ ਸੀ, ਜੋ ਕਿ ਚਾਰ ਦਿਨ ਪਹਿਲਾਂ ਨੇੜਲੇ ਪਿੰਡ ਬਿਲਾਸਪੁਰ ਵਿੱਚ ਮੇਲਾ ਵੇਖਣ ਗਿਆ ਸੀ। ਦੇਰ ਰਾਤ ਨਾ ਮੁੜਨ ਕਾਰਨ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਸੀ ਅਤੇ ਉਸਦੇ ਲਾਪਤਾ ਹੋਣ ਬਾਰੇ ਥਾਣਾ ਪਾਇਲ ਵਿੱਚ ਜਾਣਕਾਰੀ ਵੀ ਦਿੱਤੀ ਸੀ। ਅੱਜ ਪਿੰਡ ਲਾਪਰਾਂ ਤੋਂ ਥੋੜੀ ਦੂਰ ਸੜਕ ਦੇ ਨੇੜੇ ਖੇਤ ਵਿੱਚ ਉਸਦੀ ਲਾਸ਼ ਮਿਲੀ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਮ੍ਰਿਤਕ ਦੇ ਗਲ ਅਤੇ ਛਾਤੀ ਉੱਪਰ ਸੱਟ ਦੇ ਨਿਸ਼ਾਨ ਹਨ। ਉਨ੍ਹਾਂ ਇਸ ਕਤਲ ਦੀ ਜਾਂਚ ਦੀ ਮੰਗ ਕੀਤੀ ਹੈ। ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ।