ਨਿੱਜੀ ਪੱਤਰ ਪ੍ਰੇਰਕ
ਖੰਨਾ, 5 ਅਗਸਤ
ਇਥੋਂ ਦੇ ਨੇੜਲੇ ਪਿੰਡ ਮਾਣਕ ਮਾਜਰਾ ਵਿੱਚ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਪਿੰਡ ਦੀਆਂ ਕੁੜੀਆਂ ਨੇ ਇੱਕਠੇ ਹੋ ਕੇ ਪੰਜਾਬੀ ਬੋਲੀਆਂ ਪਾਈਆਂ ਅਤੇ ਪੀਘਾਂ ਝੂਟੀਆਂ। ਸਮਾਗਮ ਦੌਰਾਨ ਵਿਸ਼ੇਸ਼ ਤੌਰ ’ਤੇ ਪੁੱਜੇ ਮਨੁੱਖੀ ਅਧਿਕਾਰ ਮੰਚ ਦੇ ਪ੍ਰਧਾਨ ਜਸਵਿੰਦਰ ਸਿੰਘ ਬਿੱਟੂ ਨੇ ਕਿਹਾ ਕਿ ਸਾਉਣ ਦੇ ਮਹੀਨੇ ਵਿਚ ਮਨਾਉਣ ਵਾਲਾ ਤੀਆਂ ਦਾ ਤਿਉਹਾਰ ਪੁਰਾਤਨ ਤਿਉਹਾਰਾਂ ਵਿਚੋਂ ਇਕ ਹੈ, ਜੋ ਪੰਜਾਬੀ ਸੱਭਿਆਚਾਰ ਨਾਲ ਜਾਣਿਆ ਜਾਂਦਾ ਹੈ।
ਉਨ੍ਹਾਂ ਕੁੜੀਆਂ ਨੂੰ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਸਾਨੂੰ ਹਮੇਸ਼ਾ ਆਪਣੀ ਮਾਂ ਬੋਲੀ ਨੂੰ ਯਾਦ ਰੱਖਦੇ ਹੋਏ ਪੁਰਾਤਨ ਵਿਰਸੇ ਨਾਲ ਜੁੜੇ ਰਹਿਣਾ ਚਾਹੀਦਾ ਹੈ। ਇਸ ਮੌਕੇ ਕਰਮਜੀਤ ਕੌਰ ਜੋਤੀ ਨੇ ਕਿਹਾ ਕਿ ਸਾਨੂੰ ਆਪਣੀਆਂ ਧੀਆਂ ’ਤੇ ਮਾਣ ਹੋਣਾ ਚਾਹੀਦਾ ਹੈ ਅਤੇ ਇਨ੍ਹਾਂ ਦਾ ਸਤਿਕਾਰ ਕਰਨਾ ਸਾਡਾ ਸਭ ਦਾ ਫਰਜ਼ ਹੈ। ਇਸ ਮੌਕੇ ਕਿਰਨਜੋਤ ਕੌਰ, ਮਨਪ੍ਰੀਤ ਕੌਰ, ਰਾਜਿੰਦਰ ਕੌਰ, ਗਗਨਦੀਪ ਕੌਰ, ਸੁਨੀਤਾ, ਮਨਦੀਪ ਕੌਰ, ਕੁਲਵੰਤ ਕੌਰ, ਸੁਮਨ ਕੌਰ, ਜਸਵੀਰ ਕੌਰ ਆਦਿ ਹਾਜ਼ਰ ਸਨ।