ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 26 ਅਕਤੂਬਰ
ਇੱਥੇ ਅੱਜ ਲੁਧਿਆਣਾ ਕਸਟਮ ਵਿਭਾਗ ਨੇ ਇੱਕ ਯਾਤਰੀ ਤੋਂ 379 ਗ੍ਰਾਮ 19.82 ਲੱਖ ਦਾ ਸੋਨਾ ਫੜਿਆ ਹੈ। ਇਹ ਸੋਨੇ ਦੀ ਤਾਰ ਦੇ ਰੂਪ ’ਚ ਬਦਲ ਕੇ ਲਿਆਂਦਾ ਜਾ ਰਿਹਾ ਸੀ। ਇਸ ਉਪਰ ਇੱਕ ਲੇਅਰ ਬਣਾਈ ਗਈ ਸੀ ਤਾਂ ਕਿ ਕਸਟਮ ਸਕੈਨਿੰਗ ਦੌਰਾਨ ਫੜਿਆ ਨਾ ਜਾਵੇ। ਦੀਵਾਲੀ ਵਾਲੇ ਦਿਨ ਦੁੱਬਈ ਤੋਂ ਚੰਡੀਗੜ੍ਹ ਪੁੱਜੀ ਇੰਡੀਗੋ ਉਡਾਣ ਵਿੱਚ ਆਏ ਯਾਤਰੀ ਤੋਂ ਇਹ ਸੋਨਾ ਫੜਿਆ ਗਿਆ ਹੈ। ਯਾਤਰੀ ਦੇ ਦੇਖਦੇ ਹੀ ਉਸ ’ਤੇ ਵਿਭਾਗ ਨੂੰ ਸ਼ੱਕ ਹੋਇਆ। ਸਕੈਨਿੰਗ ਦੌਰਾਨ ਗਹਿਣਿਆਂ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਤਾਰਨੁਮਾ ਚੀਜ਼ ਕੀ ਹੈ। ਪੁੱਛਗਿਛ ਕਰਨ ’ਤੇ ਪਤਾ ਲੱਗਿਆ ਕਿ ਇਹ ਸੋਨੇ ਦੀਆਂ ਤਾਰਾਂ ਹਨ ਅਤੇ ਇਸ ’ਤੇ ਲੇਪ ਕੀਤਾ ਗਿਆ ਹੈ। ਗ੍ਰੀਨ ਚੈਨਲ ’ਚੋਂ ਲੰਘਣ ਦੌਰਾਨ ਇਹ ਸੋਨਾ ਭੂਰੇ ਰੰਗ ਦੇ ਟਰਾਲੀ ਬੈਗ ’ਚੋਂ ਮਿਲਿਆ। ਇਸ ਦਾ ਭਾਰ 379 ਗ੍ਰਾਮ ਹੈ ਤੇ ਇਹ ਬੈਗ ਦੇ ਸਟੀਲ ਪਾਈਪ ’ਚ ਇਹ ਲੁਕਾਇਆ ਹੋਇਆ ਸੀ। ਬਰਾਮਦ ਕੀਤੇ ਗਏ ਸੋਨੇ ਦੀ ਬਾਜ਼ਾਰ ’ਚ ਕੀਮਤ 19 ਲੱਖ 82 ਹਜ਼ਾਰ ਰੁਪਏ ਹੈ। ਇਸ ਮਾਮਲੇ ’ਚ ਅੱਗੇ ਜਾਂਚ ਕੀਤੀ ਜਾ ਰਹੀ ਹੈ।ਪਤਾ ਲਾਇਆ ਜਾ ਰਿਹਾ ਹੈ ਕਿ ਇਹ ਵਿਅਕਤੀ ਇਸ ਤੋਂ ਪਹਿਲਾਂ ਕਿੰਨਾ ਸੋਨਾ ਲਿਆ ਚੁੱਕਾ ਹੈ। ਕਸਟਮ ਕਮਿਸ਼ਨਰ ਵਰੰਦਾਬਾ ਗੋਇਲ ਨੇ ਕਿਹਾ ਕਿ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ।