ਸਤਵਿੰਦਰ ਬਸਰਾ
ਲੁਧਿਆਣਾ, 26 ਸਤੰਬਰ
ਅਦਾਰਾ ਸ਼ਬਦਜੋਤ ਅਤੇ ਪੰਜਾਬੀ ਸੱਥ ਮੈਲਬੋਰਨ ਦੇ ਸਹਿਯੋਗ ਨਾਲ ਅੱਜ ਪੰਜਾਬੀ ਭਵਨ ਵਿਚ ਤ੍ਰੈ-ਭਾਸ਼ੀ ਕਵੀ ਦਰਬਾਰ ਕਰਵਾਇਆ ਗਿਆ। ਇਸ ਵਿੱਚ ਸ਼ਾਮਲ ਹੋਏ 80 ਦੇ ਕਰੀਬ ਕਵੀਆਂ ਵਿੱਚੋਂ 60 ਨਵੇਂ ਕਵੀ ਸਨ। ਕਵੀ ਦਰਬਾਰ ਦੀ ਪ੍ਰਧਾਨਗੀ ਕਰਦਿਆਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਨੇ ਕਿਹਾ ਕਿ ਲੋਕ ਭਾਵਨਾਵਾਂ ਨੂੰ ਕਵਿਤਾਵਾਂ ਦੇ ਵਿੱਚ ਲਿਖਣਾ ਹੀ ਲੋਕ ਸੇਵਾ ਹੈ, ਸ਼ਬਦ ਦਾ ਵਾਰ ਤਲਵਾਰ ਨਾਲੋਂ ਵੀ ਤਿੱਖਾ ਹੁੰਦਾ ਹੈ।
ਪੰਜਾਬ ਭਰ ਵਿੱਚੋਂ ਪਹੁੰਚੇ ਕਵੀਆਂ ਦੇ ਇਸ ਕਵੀ ਦਰਬਾਰ ਦੀ ਸ਼ੁਰੂਆਤ ਸ਼ਮਾ ਰੌਸ਼ਨ ਕਰ ਕੇ ਕੀਤੀ ਗਈ। ਇਸ ਮੌਕੇ ਗੁਰਦਿਆਲ ਰੌਸ਼ਨ, ਤਰਸੇਮ ਨੂਰ, ਜ਼ਮੀਲ ਅਬਦਾਲੀ, ਸਤੀਸ਼ ਗੁਲਾਟੀ, ਨੂਰ ਮੁਹੰਮਦ ਨੂਰ, ਡਾ. ਰਬੀਨਾ ਸ਼ਬਨਮ, ਛਾਇਆ ਸ਼ਰਮਾ, ਪ੍ਰਭਜੋਤ ਸੋਹੀ, ਰਵੀ ਰਵਿੰਦਰ, ਮੀਨਾ ਮਹਿਰੋਕ ਸਣੇ ਹੋਰਨਾਂ ਕਵੀਆਂ ਨੇ ਰਚਨਾਵਾਂ ਰਾਹੀਂ ਹਾਜ਼ਰੀ ਲਗਵਾਈ। ਇਸ ਤ੍ਰੈ-ਭਾਸ਼ੀ ਕਵੀ ਦਰਬਾਰ ਦੀ ਮੁੱਖ ਗੱਲ ਇਹ ਰਹੀ ਕਿ ਇਸ ਵਿੱਚ ਪੁਰਾਣੇ ਕਵੀਆਂ ਦੇ ਨਾਲ ਨਾਲ ਨਵੇਂ ਕਵੀਆਂ ਦੀ ਗਿਣਤੀ ਕਈ ਗੁਣਾਂ ਵੱਧ ਸੀ।
ਸਮਾਗਮ ਦੇ ਪ੍ਰਬੰਧਕਾਂ ਰਵਿੰਦਰ ਰਵੀ, ਪ੍ਰਭਜੋਤ ਸੋਹੀ ਨੇ ਦੱਸਿਆ ਕਿ ਆਮ ਤੌਰ ’ਤੇ ਨਵੇਂ ਲੇਖਕਾਂ ਨੂੰ ਬਹੁਤ ਘੱਟ ਮੌਕੇ ਮਿਲਦੇ ਹਨ। ਉਨ੍ਹਾਂ ਕਿਹਾ ਕਿ ਅਦਾਰਾ ਸ਼ਬਦਜੋਤ ਵੱਲੋਂ ਪਿਛਲੇ ਕਈ ਸਾਲਾਂ ਤੋਂ ਨਵੇਂ ਲੇਖਕਾਂ ਨੂੰ ਅਜਿਹੇ ਪ੍ਰੋਗਰਾਮਾਂ ਰਾਹੀਂ ਅੱਗੇ ਲਿਆ ਕਿ ਆਪਣੀਆਂ ਲਿਖਤਾਂ ਤੋਂ ਜਾਣੂ ਕਰਵਾਉਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਪ੍ਰਧਾਨਗੀ ਭਾਸ਼ਣ ’ਚ ਸ੍ਰੀ ਬੁੱਟਰ ਨੇ ਕਿਹਾ ਕਿ ਨਵੇਂ ਸ਼ਾਇਰਾਂ ਦੇ ਕੋਲ ਬਹੁਤ ਕੁੱਝ ਕਹਿਣ ਲਈ ਹੈ ਪਰ ਉਨ੍ਹਾਂ ਨੂੰ ਆਪਣੇ ਵੱਡੇ ਲੇਖਕਾਂ ਨੂੰ ਵੀ ਪੜ੍ਹਨ ਦੀ ਲੋੜ ਹੈ। ਇਸ ਸਮਾਗਮ ਦਾ ਮੰਚ ਸੰਚਾਲਨ ਪ੍ਰਭਜੋਤ ਸੋਹੀ ਅਤੇ ਰਾਜਦੀਪ ਤੂਰ ਨੇ ਕੀਤਾ। ਸਮਾਗਮ ਦੇ ਅਖੀਰ ਵਿੱਚ ਸ਼ਿਰਕਤ ਕਰਨ ਵਾਲੇ ਕਵੀਆਂ ਦਾ ਸਨਮਾਨ ਕੀਤਾ ਗਿਆ।