ਗਗਨਦੀਪ ਅਰੋੜਾ
ਲੁਧਿਆਣਾ, 24 ਦਸੰਬਰ
ਇੱਥੋਂ ਦੇ ਅਦਾਲਤੀ ਕੰਪਲੈਕਸ ਦੇ ਅੰਦਰ ਧਮਾਕਾ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਪੁਲੀਸ ਨੇ ਅਦਾਲਤ ਨੂੰ ਪੁਲੀਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ। ਪੁਲੀਸ ਨੇ ਅਦਾਲਤ ਵਿੱਚ ਤਿੰਨ ਥਾਵਾਂ ’ਤੇ ਚੈਕਿੰਗ ਪੁਆਇੰਟ ਬਣਾਏ, ਜਿੱਥੇ ਮੈਟਲ ਡਿਟੈਕਟਰ ਤੇ ਹੋਰਨਾਂ ਤਰੀਕਿਆਂ ਨਾਲ ਚੈਕਿੰਗ ਕਰਨ ਤੋਂ ਬਾਅਦ ਹੀ ਵਕੀਲਾਂ ਤੇ ਹੋਰ ਲੋਕਾਂ ਨੂੰ ਅਦਾਲਤ ਵੱਲ ਜਾਣ ਦੀ ਮਨਜ਼ੂਰੀ ਦਿੱਤੀ ਗਈ। ਖਾਸ ਗੱਲ ਇਹ ਰਹੀ ਕਿ ਬੰਬ ਧਮਾਕੇ ਦੇ 24 ਘੰਟੇ ਬਾਅਦ ਹੀ ਲੁਧਿਆਣਾ ਦੀਆਂ ਅਦਾਲਤਾਂ ਵਿੱਚ ਕੰਮਕਾਜ ਸ਼ੁਰੂ ਹੋ ਗਿਆ। ਜੱਜਾਂ ਨੇ ਕੰਮਕਾਜ ਸ਼ੁਰੂ ਕਰ ਦਿੱਤਾ, ਸਿਰਫ਼ ਜ਼ਰੂਰੀ ਕੇਸਾਂ ਦੀ ਸੁਣਵਾਈ ਕੀਤੀ ਗਈ। ਸ਼ੁੱਕਰਵਾਰ ਸਵੇਰੇ ਅੱਠ ਵਜੇ ਹੀ ਲੁਧਿਆਣਾ ਪੁਲੀਸ ਨੇ ਨਾਕਾਬੰਦੀ ਸ਼ੁਰੂ ਕਰ ਦਿੱਤੀ ਸੀ। ਅਦਾਲਤੀ ਕੰਪਲੈਕਸ ਦੇ ਮੁੱਖ ਗੇਟ ਪਾਰ ਕਰਨ ਤੋਂ ਬਾਅਦ ਪਾਰਕਿੰਗ ਵੱਲ ਕੋਈ ਵੀ ਵਾਹਨ ਨਹੀਂ ਜਾਣ ਦਿੱਤਾ ਜਾ ਰਿਹਾ ਸੀ। ਵਕੀਲਾਂ ਨੂੰ ਵੀ ਅਦਾਲਤ ’ਚ ਅੰਦਰ ਜਾਣ ਲਈ ਇੱਕ ਰਸਤਾ ਹੀ ਦਿੱਤਾ ਗਿਆ। ਤਿੰਨ ਜਗ੍ਹਾ ਚੈਕਿੰਗ ਤੋਂ ਬਾਅਦ ਵਿਅਕਤੀ ਨੂੰ ਅਦਾਲਤੀ ਕੰਪਲੈਕਸ ’ਚ ਜਾਣ ਦਿੱਤਾ ਗਿਆ। ਉੱਥੇ ਵੀ ਉਨ੍ਹਾਂ ਨੂੰ ਚੈਕਿੰਗ ਕਰਵਾ ਕੇ ਜਾਣਾ ਪਿਆ। ਤਿੰਨ ਥਾਵਾਂ ’ਤੇ ਜਾਂਚ ਤੋਂ ਬਾਅਦ ਹਰ ਵਿਅਕਤੀ ਨੂੰ ਅਦਾਲਤੀ ਕੰਪਲੈਕਸ ’ਚ ਜਾਣ ਦੀ ਮਨਜ਼ੂਰੀ ਦੇ ਕਾਰਨ ਵਕੀਲਾਂ ’ਚ ਗੁੱਸਾ ਸੀ। ਉਨ੍ਹਾਂ ਕਿਹਾ ਕਿ ਜੇ ਪਹਿਲਾਂ ਹੀ ਸੁਰੱਖਿਆ ਪ੍ਰਬੰਧ ਸਹੀ ਰੱਖੇ ਹੁੰਦੇ ਤਾਂ ਅੱਜ ਇਹ ਨੌਬਤ ਨਹੀਂ ਆਉਂਦੀ। ਹੁਣ ਉਨ੍ਹਾਂ ਨੂੰ ਅੰਦਰ ਆਪਣੇ ਦਫ਼ਤਰਾਂ ’ਚ ਜਾਣ ਲਈ ਵੀ ਚਾਰ ਵਾਰ ਚੈਕਿੰਗ ਕਰਵਾਉਣੀ ਪੈ ਰਹੀ ਹੈ।
ਡੀਸੀ ਅਤੇ ਪੁਲੀਸ ਕਮਿਸ਼ਨਰ ਦੇ ਦਫ਼ਤਰ ਜਾਣ ਵੇਲੇ ਵੀ ਹੋਈ ਜਾਂਚ
ਲੁਧਿਆਣਾ: ਅਦਾਲਤੀ ਕੰਪਲੈਕਸ ’ਚ ਧਮਾਕਾ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਸੁਰੱਖਿਆ ਪ੍ਰਬੰਧ ਸਖਤ ਦਿਖੇ। ਜਿੱਥੇ ਮੁੱਖ ਗੇਟ ਨੂੰ ਬੰਦ ਕਰਕੇ ਇੱਕ-ਇੱਕ ਕਰਕੇ ਲੋਕਾਂ ਨੂੰ ਅੰਦਰ ਜਾਣ ਦਿੱਤਾ ਗਿਆ, ਉੱਥੇ ਹੀ ਅਦਾਲਤੀ ਕੰਪਲੈਕਸ ਦੇ ਸਭ ਤੋਂ ਅੱਗੇ ਬਣੇ ਡਿਪਟੀ ਕਮਿਸ਼ਨਰ ਦਫ਼ਤਰ ’ਚ ਵੀ ਲੋਕਾਂ ਨੂੰ ਜਾਣ ਲਈ ਮਿਹਨਤ ਕਰਨੀ ਪਈ। ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਪੁਲੀਸ ਕਰਮੀ ਖੜ੍ਹੇ ਸਨ। ਮੈਟਲ ਡਿਟੈਕਟਰ ਤੋਂ ਹੋ ਕੇ ਉਨ੍ਹਾਂ ਨੂੰ ਲੰਘਣਾ ਪਿਆ। ਜੇ ਕੋਈ ਮੁਲਾਜ਼ਮ ਵੀ ਸੀ ਤਾਂ ਵੀ ਉਸ ਨੂੰ ਚੈਕਿੰਗ ਕਰਵਾ ਕੇ ਜਾਣਾ ਪਿਆ। ਇਸ ਦੌਰਾਨ ਪੁਲੀਸ ਕਮਿਸ਼ਨਰ ਦਫ਼ਤਰ ’ਚ ਜਾਣ ਲਈ ਵੀ ਲੋਕਾਂ ਨੂੰ ਕਾਫ਼ੀ ਮਿਹਨਤ ਕਰਨੀ ਪਈ। ਉੱਥੇ ਕਿਸੇ ਨੂੰ ਮੋਟਰਸਾਈਕਲ ਤੱਕ ਲਾਉਣ ਦੀ ਆਗਿਆ ਨਹੀਂ ਦਿੱਤੀ ਗਈ। ਉਥੋਂ ਪਹਿਲਾਂ ਸਭ ਨੂੰ ਬਾਹਰ ਭੇਜਿਆ ਗਿਆ ਤੇ ਮਗਰੋਂ ਸਿਰਫ਼ ਉਨ੍ਹਾਂ ਲੋਕਾਂ ਨੂੰ ਅੰਦਰ ਜਾਣ ਦੀ ਆਗਿਆ ਮਿਲੀ, ਜਿਨ੍ਹਾਂ ਨੂੰ ਅਧਿਕਾਰੀਆਂ ਨੇ ਬੁਲਾਇਆ ਸੀ। ਕੁਝ ਸਮਾਂ ਅਧਿਕਾਰੀ ਬੈਠੇ ਅਤੇ ਫਿਰ ਮੀਟਿੰਗਾਂ ਦਾ ਸਿਲਸਿਲਾ ਜਾਰੀ ਰਿਹਾ।
ਅਦਾਲਤਾਂ ਚੱਲੀਆਂ ਪਰ ਨਹੀਂ ਹੋਈ ਕਿਸੇ ਕੇਸ ਦੀ ਸੁਣਵਾਈ
ਲੁਧਿਆਣਾ: ਸ਼ੁੱਕਰਵਾਰ ਸਵੇੇਰੇ ਹੀ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਮਨੀਸ਼ ਸਿੰਘਲ ਅਦਾਲਤ ਪੁੱਜ ਗਏ ਸਨ। ਇਸ ਦੌਰਾਨ ਉਨ੍ਹਾਂ ਨੇ ਕਈ ਕੇਸਾਂ ’ਚ ਵਕੀਲਾਂ ਦੀਆਂ ਦਲੀਲਾਂ ਸੁਣੀਆਂ, ਪਰ ਹਰ ਕੇਸ ਦੀ ਤਾਰੀਖ਼ ਦੇ ਦਿੱਤੀ ਗਈ। ਇਸੇ ਤਰ੍ਹਾਂ ਸਾਰੀਆਂ ਅਦਾਲਤਾਂ ’ਚ ਅੱਜ ਕੰਮ ਹੋਇਆ ਸੀ। ਸਿਰਫ਼ ਵਕੀਲ ਹੀ ਅਦਾਲਤ ’ਚ ਪੁੱਜੇ ਸਨ। ਕਿਸੇ ਕੇਸ ’ਚ ਵਿਅਕਤੀ ਨੂੰ ਤਾਂ ਜਾਣ ਨਹੀਂ ਦਿੱਤਾ, ਪਰ ਹਰ ਵਕੀਲ ਨੂੰ ਅੱਗੇ ਦੀ ਤਾਰੀਖ਼ ਦੇ ਦਿੱਤੀ ਗਈ। ਅੱਜ ਅਦਾਲਤ ’ਚ ਕੰਮ ਦਾ ਆਖਰੀ ਦਿਨ ਸੀ। ਸ਼ਨਿੱਚਰਵਾਰ ਤੋਂ ਹਫ਼ਤੇ ਲਈ ਅਦਾਲਤ ’ਚ ਛੁੱਟੀਆਂ ਹਨ ਤੇ ਹੁਣ ਲੁਧਿਆਣਾ ਦੀਆਂ ਅਦਾਲਤਾਂ ਇੱਕ ਜਨਵਰੀ ਨੂੰ ਖੁੱਲ੍ਹਣਗੀਆਂ। ਸਿਰਫ਼ ਅੰਦਰੋਂ ਹਾਕ ਪੈਣ ਵਾਲੇ ਵਿਅਕਤੀਆਂ ਨੂੰ ਹੀ ਅੰਦਰ ਜਾਣ ਦਿੱਤਾ ਗਿਆ। ਪਾਰਕਿੰਗ ਖੇਤਰ ਵਿੱਚ ਸਖ਼ਤੀ ਵਧਾਈ ਗਈ। ਤਿੰਨ ਥਾਵਾਂ ’ਤੇ ਜਾਂਚ ਹੋਣ ਕਾਰਨ ਕਈ ਵਕੀਲਾਂ ਵਿੱਚ ਵੀ ਰੋਸ ਸੀ ਪਰ ਸੁਰੱਖਿਆ ਦੇ ਮੱਦੇਨਜ਼ਰ ਇਹ ਕਦਮ ਚੁੱਕੇ ਗਏ ਸਨ।