ਖੇਤਰੀ ਪ੍ਰਤੀਨਿਧ
ਲੁਧਿਆਣਾ, 30 ਅਪਰੈਲ
ਜੀਜੀਐਨ ਖਾਲਸਾ ਕਾਲਜ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵਲੋਂ ‘ਰਾਵੀ ਪਾਰ ਦੀ ਸ਼ਾਇਰੀ’ ਸਿਰਲੇਖ ਹੇਠ ਲਹਿੰਦੇ ਪੰਜਾਬ ਦੇ ਕਵੀਆਂ ਦਾ ਆਨਲਾਈਨ ਕਵੀ ਦਰਬਾਰ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਲਹਿੰਦੇ ਪੰਜਾਬ ਦੇ ਅਵਾਮੀ ਸ਼ਾਇਰ ਬਾਬਾ ਨਜ਼ਮੀ ਨੇ ਕੀਤੀ। ਉਦਘਾਟਨੀ ਭਾਸ਼ਣ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਦਿੱਤਾ ਜਦਕਿ ਮੁੱਖ ਬੁਲਾਰੇ ਵਜੋਂ ਸਰਕਾਰੀ ਕਾਲ ਜਯੂਨੀਵਰਸਿਟੀ ਲਾਹੌਰ ਦੇ ਪ੍ਰੋ. ਡਾ. ਕਲਿਆਣ ਸਿੰਘ ਕਲਿਆਣ ਨੇ ਸ਼ਿਰਕਤ ਕੀਤੀ। ਪ੍ਰੋ. ਗਿੱਲ ਨੇ ਕਿਹਾ ਕਿ ਬਾਬਾ ਫਰੀਦ ਜੀ ਤੋਂ ਲੈ ਕੇ ਮੀਆਂ ਮੁਹੰਮਦ ਬਖਸ਼ ਸਾਹਿਬ ਤੀਕ ਦੀ ਸਾਹਿਤਕ ਵਿਰਾਸਤ ਧਰਤੀ ਦੇ ਦੁੱਖ-ਸੁੱਖ ਦੀ ਵਾਰਤਾ ਸੁਣਾਉਂਦੀ ਹੈ। ਡਾ. ਕਲਿਆਂਣ ਸਿੰਘ ਨੇ ਕਿਹਾ ਕਿ ਗੁਜਰਾਂਵਾਲਾ ਦੀ ਧਰਤੀ ’ਤੇ ਜਿੱਥੇ ਇਹ ਕਾਲਜ ਸਥਾਪਿਤ ਹੋਇਆ, ਉੱਥੇ ਅੱਜਕਲ੍ਹ ਸਰਕਾਰੀ ਇਸਲਾਮੀਆ ਕਾਲਜ ਚੱਲ ਰਿਹਾ ਹੈ ਅਤੇ ਉੱਥੇ ਉਨ੍ਹਾਂ ਨੇ ਪੰਜ ਸਾਲ ਅਧਿਆਪਨ ਕਾਰਜ ਵੀ ਕੀਤਾ ਹੈ। ਬਾਬਾ ਨਾਜ਼ਮੀ ਨੇ ਕਿਹਾ ਕਿ ਕਾਲਜ ਵੱਲੋਂ ਕੀਤੇ ਇਸ ਉਪਰਾਲੇ ਲਈ ਸਾਰੇ ਵਧਾਈ ਦੇ ਪਾਤਰ ਹਨ। ਕਵੀ ਦਰਬਾਰ ਵਿੱਚ ਲਹਿੰਦੇ ਪੰਜਾਬ ਦੇ ਨਾਮਵਰ ਸ਼ਾਇਰ- ਅਫਜ਼ਲ ਸ਼ਾਹਿਰ, ਤਾਹਿਰਾ ਸਰਾ, ਨਦੀਪਮ ਅਫਜ਼ਲ, ਇਮਰਾਨ ਹਾਸ਼ਮੀ, ਡਾ. ਕਲਿਆਂਣ ਸਿੰਘ ਕਲਿਆਣ, ਸਫ਼ੀਆ ਹਯਾਤ, ਸਾਨੀਆ ਸ਼ੇਖ ਤੇ ਗੁਰਭਜਨ ਗਿੱਲ ਨੇ ਆਪੋ-ਆਪਣਾ ਕਲਾਮ ਪੇਸ਼ ਕੀਤਾ।