ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 13 ਸਤੰਬਰ
ਨਗਰ ਨਿਗਮ ਵੱਲੋਂ ਸਮਾਰਟ ਸਿਟੀ ਲੁਧਿਆਣਾ ਦੀਆਂ ਸੜਕਾਂ ’ਤੇ ਅੰਨ੍ਹੇਵਾਹ ਪੈਸੇ ਖ਼ਰਚਣ ਦੇ ਬਾਵਜੂਦ ਵੀ ਇਥੋਂ ਦੀਆਂ ਸੜਕਾਂ ’ਤੇ ਥਾਂ-ਥਾਂ ਟੋਏ ਪਏ ਹੋਏ ਹਨ। ਨਗਰ ਨਿਗਮ ਨੇ ਪੰਜ ਸਾਲਾਂ ’ਚ ਨਵੀਆਂ ਸੜਕਾਂ ਦੀ ਉਸਾਰੀ ਤੋਂ ਜ਼ਿਆਦਾ ਪੈਸੇ ਸੜਕਾਂ ਦੇ ਪੈਚਵਰਕ ’ਤੇ ਖਰਚ ਕੀਤੇ ਹਨ। ਜਾਣਕਾਰੀ ਮੁਤਾਬਿਕ ਨਿਗਮ ਨੇ ਸਾਲ 2015 ਤੋਂ 2020 ਤੱਕ ਇਨ੍ਹਾਂ ਪੰਜ ਸਾਲਾਂ ’ਚ ਨਵੀਆਂ ਸੜਕਾਂ ਦੀ ਉਸਾਰੀ ’ਤੇ 176.95 ਕਰੋੜ ਰੁਪਏ ਖਰਚ ਕੀਤੇ, ਜਦੋਂ ਕਿ 212.33 ਕਰੋੜ ਰੁਪਏ ਦੀ ਲਾਗਤ ਨਾਲ ਸੜਕਾਂ ਦਾ ਪੈਚਵਰਕ ਕੀਤਾ। ਪੈਚਵਰਕ ’ਚ ਜ਼ਿਆਦਾ ਪੈਸੇ ਲੱਗਣ ਦੀ ਗੱਲ ਕਿਸੇ ਨੂੰ ਹਜ਼ਮ ਨਹੀਂ ਹੋ ਰਹੀ। ਨਿਗਮ ਦੇ ਬੀਐੱਡਆਰ ਵਿਭਾਗ ਦੇ ਅਫ਼ਸਰਾਂ ਨਾਲ ਪੈਚਵਰਕ ਦਾ ਹਿਸਾਬ ਵੀ ਮੇਲ ਨਹੀਂ ਖਾ ਰਿਹਾ। ਜਿਸ ਦੀ ਜਾਣਕਾਰੀ ਆਰਟੀਆਈ ਰਾਹੀਂ ਮਿਲੀ ਹੈ। ਇਸ ਮਾਮਲੇ ’ਚ ਆਰਟੀਆਈ ਕਾਰਕੁਨ ਰੋਹਿਤ ਸੱਭਰਵਾਲ ਨੇ ਨਿਗਮ ਤੋਂ ਪੈਚਵਰਕ ਦਾ ਰਿਕਾਰਡ ਮੰਗਿਆ ਸੀ ਜੋ ਕਿ ਨਿਗਮ ਨੇ ਦੇਣ ਤੋਂ ਮਨ੍ਹਾਂ ਕਰ ਦਿੱਤਾ। ਇਸ ਮਗਰੋਂ ਉਨ੍ਹਾਂ ਇਸ ਦੀ ਸ਼ਿਕਾਇਤ ਚੀਫ਼ ਵਿਜੀਲੈਂਸ ਅਫ਼ਸਰ ਨੂੰ ਦਿੱਤੀ। ਰੋਹਿਤ ਸੱਭਰਵਾਲ ਨੇ ਦੱਸਿਆ ਕਿ ਆਰਟੀਆਈ ਤੋਂ ਮਿਲੀ ਜਾਣਕਾਰੀ ਅਨੁਸਾਰ ਨਗਰ ਨਿਗਮ ਨੇ ਪੰਜ ਸਾਲਾਂ ’ਚ ਨਵੀਆਂ ਸੜਕਾਂ ਬਣਾਉਣ ਦੀ ਤੁਲਨਾ ’ਚ ਪੈਚਵਰਕ ’ਤੇ 35.35 ਕਰੋੜ ਰੁਪਏ ਜ਼ਿਆਦਾ ਖਰਚ ਕੀਤੇ ਹਨ। ਉਨ੍ਹਾਂ ਦੱਸਿਆ ਕਿ ਨਿਗਮ ਅਫ਼ਸਰਾਂ ਨੇ ਪੈਚਵਰਕ ’ਤੇ ਜੋ ਫੰਡ ਖਰਚਿਆ ਹੈ, ਉਸ ਦਾ ਉਨ੍ਹਾਂ ਕੋਲ ਕੋਈ ਰਿਕਾਰਡ ਨਹੀਂ ਹੈ। ਆਰਟੀਆਈ ਰਾਹੀਂ ਅਫ਼ਸਰਾਂ ਤੋਂ ਪੁੱਛਿਆ ਗਿਆ ਸੀ ਕਿ ਉਨ੍ਹਾਂ ਨੇ ਕਿਸ-ਕਿਸ ਸੜਕ ’ਤੇ ਪੈਚਵਰਕ ਕੀਤਾ ਹੈ ਤੇ ਕਿੰਨੇ ਟੋਏ ਭਰੇ ਹਨ, ਪਰ ਨਿਗਮ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਮਾਮਲੇ ਦੀ ਸ਼ਿਕਾਇਤ ਚੀਫ਼ ਵਿਜੀਲੈਂਸ ਅਫ਼ਸਰ ਨੂੰ ਦਿੱਤੀ ਗਈ ਸੀ।