ਗਗਨਦੀਪ ਅਰੋੜਾ
ਲੁਧਿਆਣਾ, 5 ਸਤੰਬਰ
ਸਨਅਤੀ ਸ਼ਹਿਰ ਦੇ ਬੁੱਢਾ ਦਰਿਆ ਵਿੱਚ ਬਿਨਾਂ ਮਨਜ਼ੂਰੀ ਗੰਦਾ ਪਾਣੀ ਸੁੱਟਣ ਦੇ ਮਾਮਲੇ ਵਿੱਚ ਹੁਣ ਨਗਰ ਨਿਗਮ ਨੇ ਸਖ਼ਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਵਿੱਚ ਅੱਜ ਵਧੀਕ ਕਮਿਸ਼ਨਰ ਡਾ. ਰਿਸ਼ੀ ਪਾਲ ਸਿੰਘ ਦੀ ਅਗਵਾਈ ਹੇਠ ਡੇਅਰੀਆਂ ’ਤੇ ਕਾਰਵਾਈ ਕੀਤੀ ਗਈ। ਜ਼ਿਕਰਯੋਗ ਹੈ ਕਿ ਸ਼ਹਿਰ ਵਿੱਚ ਕੁੱਝ ਡੇਅਰੀ ਮਾਲ ਬਿਨਾਂ ਟਰੀਟ ਕੀਤਾ ਗੰਦਾ ਪਾਣੀ ਸਿੱਧੇ ਸੀਵਰੇਜ ਵਿੱਚ ਪਾ ਰਹੇ ਸਨ। ਇਨ੍ਹਾਂ ਡੇਅਰੀ ਵਾਲਿਆਂ ਨੂੰ ਪਹਿਲਾਂ ਵੀ ਕਈ ਵਾਰ ਨੋਟਿਸ ਜਾ ਕੀਤੇ ਜਾ ਚੁੱਕੇ ਹਨ ਪਰ ਜਦੋਂ ਕੋਈ ਹੱਲ ਨਾ ਹੋਇਆ ਤਾਂ ਅੱਜ ਨਗਰ ਨਿਗਮ ਨੇ ਸਖ਼ਤੀ ਸ਼ੁਰੂ ਕਰ ਦਿੱਤੀ ਹੈ। ਨਗਰ ਨਿਗਮ ਦੀ ਟੀਮ ਨੇ ਛੇ ਵੱਡੀਆਂ ਡੇਅਰੀਆਂ ਦੇ ਸੀਵਰੇਜ ਤੇ ਪਾਣੀ ਦੇ ਕੁਨੈਕਸ਼ਨ ਕੱਟ ਦਿੱਤੇ ਹਨ। ਦੱਸ ਦਈਏ ਕਿ ਬੁੱਢੇ ਦਰਿਆ ਵਿੱਚ ਪ੍ਰਦੂਸ਼ਣ ਫੈਲਾਉਣ ਦੇ ਮਾਮਲੇ ਵਿੱਚ ਐੱਨਜੀਟੀ ਨੇ ਨਗਰ ਨਿਗਮ ਨੂੰ 100 ਕਰੋੜ ਰੁਪਏ ਦੀ ਬੈਂਕ ਗਾਰੰਟੀ ਜਮ੍ਹਾਂ ਕਰਵਾਉਣ ਦਾ ਨੋਟਿਸ ਜਾਰੀ ਕੀਤਾ ਸੀ।
ਐੱਸਈ ਰਜਿੰਦਰ ਸਿੰਘ ਨੇ ਦੱਸਿਆ ਕਿ ਡੇਅਰੀ ਵਾਲੇ ਗੋਹਾ ਤੇ ਹੋਰ ਵੇਸਟੇਜ ਸਿੱਧਾ ਸੀਵਰੇਜ਼ ਵਿੱਚ ਪਾ ਰਹੇ ਸਨ, ਜਿਸ ਤੋਂ ਬਾਅਦ ਨਿਗਮ ਨੇ ਹੁਣ ਸਖ਼ਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਮੁਹਿੰਮ ਤਹਿਤ ਨਗਰ ਨਿਗਮ ਨੇ ਅੱਜ ਕੱਕਾ ਰੋਡ, ਬਬੂ ਜਿੰਦਲ ਡਾਇੰਗ ਦੇ ਪਿੱਛੇ ਬਣੀ ਡੇਅਰੀ, ਮਹਾਂਵੀਰ ਜੈਨ ਕਲੋਨੀ ਤੇ ਗੁਰਮੇਲ ਪਾਰਕ ਗਲੀ ਨੰ. 5 ਵਿਚਲੀਆਂ ਚਾਰ ਵੱਡੀਆਂ ਡੇਅਰੀਆਂ ਦੇ ਕੁਨੈਕਸ਼ਨ ਕੱਟੇ ਹਨ। ਇਹ ਡੇਅਰੀ ਵਾਲੇ ਸੀਵਰੇਜ ਲਾਈਨਾਂ ਵਿੱਚ ਸਿੱਧਾ ਗੰਦਾ ਪਾਣੀ ਪਾ ਰਹੇ ਸਨ। ਨਗਰ ਨਿਗਮ ਦੀ ਇਸ ਕਾਰਵਾਈ ਤੋਂ ਬਾਅਦ ਡੇਅਰੀ ਵਾਲਿਆਂ ਵਿੱਚ ਭਾਜੜਾਂ ਪਈਆਂ ਹੋਈਆਂ ਹਨ। ਵਧੀਕ ਕਮਿਸ਼ਨਰ ਡਾ. ਰਿਸ਼ੀ ਪਾਲ ਸਿੰਘ ਖੁਦ ਇਸ ਕਾਰਵਾਈ ਦੀ ਕਮਾਨ ਸੰਭਾਲ ਰਹੇ ਹਨ। ਉਨ੍ਹਾਂ ਨੇ ਸਿੱਧੇ ਤੌਰ ’ਤੇ ਬੁੱਢੇ ਦਰਿਆ ਨੂੰ ਦੂਸ਼ਿਤ ਕਰਨ ਵਾਲਿਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਉਹ ਨਾ ਸੁਧਰੇ ਤਾਂ ਉਨ੍ਹਾਂ ਵੱਲੋਂ ਕਾਰਵਾਈ ਹੋਰ ਤੇਜ਼ ਕੀਤੀ ਜਾਵੇਗੀ।