ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 2 ਅਕਤੂਬਰ
ਮਹਾਤਮਾ ਗਾਂਧੀ ਦੇ ਜਨਮ ਦਿਨ ’ਤੇ 2 ਅਕਤੂਬਰ ਨੂੰ ਪੰਜਾਬ ਸਰਕਾਰ ਵਲੋਂ ਡਰਾਈ ਡੇਅ ਘੋਸ਼ਿਤ ਕੀਤਾ ਹੋਇਆ ਹੈ ਅਤੇ ਇਸ ਦਿਨ ਸ਼ਰਾਬ ਦੇ ਠੇਕੇ ਮੁਕੰਮਲ ਤੌਰ ’ਤੇ ਬੰਦ ਰੱਖੇ ਜਾਂਦੇ ਹਨ ਪਰ ਸਰਕਾਰ ਦੇ ਹੁਕਮਾਂ ਦੀਆਂ ਸ਼ਰਾਬ ਠੇਕੇਦਾਰ ਧੱਜੀਆਂ ਉਡਾਉਂਦੇ ਦਿਖਾਈ ਦਿੱਤੇ। ਇਸ ਮੌਕੇ ਛੋਟੀ ਖਿੜਕੀ ’ਚੋਂ ਪਾਬੰਦੀ ਦੇ ਬਾਵਜੂਦ ਸ਼ਰ੍ਹੇਆਮ ਸ਼ਰਾਬ ਵਿਕਦੀ ਰਹੀ। ਮਾਛੀਵਾੜਾ-ਕੁਹਾੜਾ ਰੋਡ ’ਤੇ ਸਥਿਤ ਪਿੰਡ ਤੱਖਰਾਂ ਵਿੱਚ ਸ਼ਰਾਬ ਦਾ ਠੇਕਾ ਜਿੱਥੇ ਸਰਕਾਰ ਨੂੰ ਦਿਖਾਵੇ ਲਈ ਡਰਾਈ ਡੇਅ ਮੌਕੇ ਬੰਦ ਰੱਖਿਆ ਗਿਆ ਸੀ ਪਰ ਦੂਜੇ ਪਾਸੇ ਛੋਟੀ ਖਿੜਕੀ ’ਚੋਂ ਕੋਈ ਵੀ ਸ਼ਰਾਬ ਦਾ ਸ਼ੌਕੀਨ ਬੋਤਲ ਖਰੀਦਣ ਆ ਰਿਹਾ ਸੀ। ਤੱਖਰਾਂ ਦੇ ਇਸ ਠੇਕੇ ’ਤੇ ਸ਼ਰਾਬ ਦੀ ਵਿਕਰੀ ਡਰਾਈ ਡੇਅ ਦੇ ਬਾਵਜੂਦ ਸਵੇਰ ਤੋਂ ਹੀ ਚੱਲਦੀ ਰਹੀ ਅਤੇ ਕਿਸੇ ਵੀ ਪੁਲੀਸ ਜਾਂ ਪ੍ਰਸ਼ਾਸਨਿਕ ਅਧਿਕਾਰੀ ਨੇ ਇਸ ਨੂੰ ਰੋਕਣ ਦੀ ਕੋਸ਼ਿਸ਼ ਨਾ ਕੀਤੀ, ਜਿਸ ਤੋਂ ਸਾਫ਼ ਜ਼ਾਹਿਰ ਹੋ ਰਿਹਾ ਸੀ ਕਿ ਇਹ ਸਭ ਕੁਝ ਮਿਲੀਭੁਗਤ ਨਾਲ ਹੋ ਰਿਹਾ ਹੈ। ਪੱਤਰਕਾਰਾਂ ਵਲੋਂ ਪਾਬੰਦੀ ਦੇ ਬਾਵਜੂਦ ਸ਼ਰਾਬ ਵਿਕਰੀ ਦੀਆਂ ਤਸਵੀਰਾਂ ਐਕਸਾਈਜ ਵਿਭਾਗ ਦੇ ਅਧਿਕਾਰੀਆਂ ਨੂੰ ਭੇਜੀਆਂ ਗਈਆਂ, ਜਿਨ੍ਹਾਂ ਤੁਰੰਤ ਹਰਕਤ ਆਉਂਦਿਆਂ ਸਖ਼ਤੀ ਵਰਤ ਕੇ ਇਹ ਚੋਰ ਖਿੜਕੀ ਤੋਂ ਹੁੰਦੀ ਸ਼ਰਾਬ ਦੀ ਵਿਕਰੀ ਬੰਦ ਕਰਵਾ ਦਿੱਤੀ। ਇਸ ਸਬੰਧੀ ਐਕਸਾਈਜ ਇੰਸਪੈਕਟਰ ਰਾਣਾ ਨੇ ਕਿਹਾ ਕਿ ਪਾਬੰਦੀ ਦੇ ਬਾਵਜੂਦ ਸ਼ਰਾਬ ਵੇਚਣ ’ਤੇ ਠੇਕੇਦਾਰ ਦਾ ਚਲਾਨ ਕੱਟਿਆ ਜਾਵੇਗਾ ਅਤੇ ਜੇਕਰ ਉਸਨੇ ਫਿਰ ਵੀ ਭਵਿੱਖ ’ਚ ਕੋਈ ਕੁਤਾਹੀ ਵਰਤੀ ਤਾਂ ਸਖ਼ਤ ਕਾਰਵਾਈ ਕਰਾਂਗੇ।