ਗਗਨਦੀਪ ਅਰੋੜਾ
ਲੁਧਿਆਣਾ, 7 ਸਤੰਬਰ
ਸੂਬੇ ਦੀ ਸਭ ਤੋਂ ਵੱਡੀ ਨਗਰ ਨਿਗਮ ਲੁਧਿਆਣਾ ਦਾ ਖਜ਼ਾਨਾ ਖਾਲੀ ਹੋਣ ਦੇ ਬਾਵਜੂਦ ਨਿਗਮ ਦੀਆਂ ਚੋਣਾਂ ਦੇ ਮੱਦੇਨਜ਼ਰ ਠੇਕਾ ਤੇ ਵਿੱਤ ਕਮੇਟੀ ਨੇ ਕਰੋੜਾਂ ਰੁਪਏ ਦੇ ਪ੍ਰਾਜੈਕਟਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਠੇਕਾ ਤੇ ਵਿੱਤ ਕਮੇਟੀ ਦੀ ਮੀਟਿੰਗ ਅੱਜ ਮੇਅਰ ਦਫ਼ਤਰ ਵਿੱਚ ਮੇਅਰ ਬਲਕਾਰ ਸਿੰਘ ਸੰਧੂ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਕਮਿਸ਼ਨਰ ਸ਼ੇਨਾ ਅਗਰਵਾਲ ਤੇ ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ ਮੌਜੂਦ ਸਨ।
ਮੀਟਿੰਗ ਸ਼ੁਰੂ ਹੁੰਦਿਆਂ ਹੀ ਮੇਅਰ ਬਲਕਾਰ ਸੰਧੂ ਤੇ ਨਿਗਮ ਕਮਿਸ਼ਨਰ ਸ਼ੇਨਾ ਅਗਰਵਾਲ ਨੇ ਜ਼ੋਨਲ ਕਮਿਸ਼ਨਰ ਤੋਂ ਰਿਕਵਰੀ ਬਾਰੇ ਪੁੱਛਣਾ ਸ਼ੁਰੂ ਕਰ ਦਿੱਤਾ ਤੇ ਉਨ੍ਹਾਂ ਨੂੰ ਜ਼ੋਨ-ਡੀ ਦੇ ਜ਼ੋਨਲ ਕਮਿਸ਼ਨਰ ਤੋਂ ਹੁਣ ਤੱਕ ਰਿਕਵਰ ਕੀਤੇ ਪੈਸਿਆਂ ਸਬੰਧੀ ਲਿਖਤੀ ਜਾਣਕਾਰੀ ਦੇਣ ਲਈ ਆਖਿਆ। ਜ਼ਿਕਰਯੋਗ ਹੈ ਕਿ ਨਗਰ ਨਿਗਮ ਖਜ਼ਾਨੇ ਦੀ ਹਾਲਤ ਕਾਫ਼ੀ ਨਾਜ਼ੁਕ ਹੈ ਤੇ ਨਿਗਮ ਕੋਲ ਆਪਣੇ ਮੁਲਾਜ਼ਮਾਂ ਨੂੰ ਤਨਖਾਹ ਦੇਣ ਧੇਲਾ ਤੱਕ ਨਹੀਂ ਹੈ। ਅੱਜ ਦੀ ਮੀਟਿੰਗ ਵਿੱਚ ਵਿਕਾਸ ਕਾਰਜਾਂ ਨਾਲ ਸਬੰਧਤ ਕੁੱਲ 277 ਪ੍ਰਸਤਾਵ ਰੱਖੇ ਗਏ।
ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਬੀਐਂਡਆਰ ਦੇ ਨਵੇਂ ਕੰਮਾਂ ਦੇ ਟੈਂਡਰ ਲਗਾਏ ਜਾਣਗੇ ਤੇ ਇਨ੍ਹਾਂ ਸਬੰਧੀ ਇਲਾਕਾ ਕੌਂਸਲਰ ਤੇ ਵਿਧਾਇਕ ਤੋਂ ਸਲਾਹ ਲਈ ਜਾਏਗੀ। ਪਾਣੀ ਅਤੇ ਸੀਵਰੇਜ਼ ਦੀਆਂ ਲਾਈਨਾਂ ਪਾਉਣ, ਫੇਲ੍ਹ ਟਿਊਬਵੈੱਲ ਦੇ ਬਦਲੇ ਨਵੇਂ ਟਿਊਬਵੈੱਲ ਲਗਾਉਣ ਨੂੰ ਮਨਜ਼ੂਰੀ ਦਿੱਤੀ ਗਈ। ਇਸ ਤੋਂ ਇਲਾਵਾ ਕਮੇਟੀ ਨੇ ਜਿਹੜੇ ਕੰਮਾਂ ਲਈ ਸੂਬਾ ਤੇ ਕੇਂਦਰ ਸਰਕਾਰ ਕੋਲੋਂ ਫੰਡ ਆਏ ਹੋਏ ਹਨ, ਉਨ੍ਹਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਦੱਸਣਯੋਗ ਹੈ ਕਿ ਕਮੇਟੀ ਵੱਲੋਂ ਜਮਾਲਪੁਰ ਡੰਪ ’ਚੋਂ 25 ਲੱਖ ਟਨ ਕੂੜਾ ਸਾਫ਼ ਕਰਨ ਦਾ ਪ੍ਰਸਤਾਵ ਰੱਖਿਆ ਜਾ ਰਿਹਾ ਹੈ, ਜਿਸ ’ਤੇ 166 ਕਰੋੜ ਰੁਪਏ ਖਰਚ ਹੋਣਗੇ। ਇਸ ’ਚ 25 ਫੀਸਦੀ ਪੈਸਾ ਕੇਂਦਰ ਸਰਕਾਰ ਅਤੇ ਬਾਕੀ 75 ਫੀਸਦੀ ਨਿਗਮ ਤੇ ਪੰਜਾਬ ਸਰਕਾਰ ਨੇ ਖਰਚ ਕਰਨਾ ਹੈ।
ਕਈ ਪ੍ਰਾਜੈਕਟਾਂ ਨੂੰ ਮਿਲੀ ਮਨਜ਼ੂਰੀ
ਠੇਕਾ ਤੇ ਵਿੱਤ ਕਮੇਟੀ ਨੇ ਸ਼ਹਿਰ ਵਿੱਚ ਆਵਾਰਾ ਕੁੱਤਿਆਂ ਨੂੰ ਹਰ ਸਾਲ ਐਂਟੀ-ਰੈਬਿਜ਼ ਦੇ ਟੀਕੇ ਲਾਉਣ ਤੋਂ ਇਲਾਵਾ 24 ਘੰਟੇ ਨਹਿਰੀ ਪਾਣੀ ਸਪਲਾਈ ਲਈ ਨਹਿਰੀ ਵਿਭਾਗ ਨੂੰ 6 ਕਰੋੜ ਰੁਪਏ ਦੇਣ ਨੂੰ ਮਨਜ਼ੂਰੀ ਦਿੱਤੀ ਹੈ। ਇਸ ਤੋਂ ਇਲਾਵਾ ਮਨਜ਼ੂਰ ਪ੍ਰਾਜੈਕਟਾਂ ਵਿੱਚ ਫਾਇਰ ਬਰਾਂਚ ਵਿੱਚ 60 ਫਾਇਰਮੈਨ ਤੇ 30 ਡਰਾਈਵਰ ਰੱਖਣਾ, ਸਮਾਰਟ ਸਿਟੀ ਤਹਿਤ 9 ਹਜ਼ਾਰ ਸਟ੍ਰੀਟ ਲਾਈਟਾਂ ਲਗਾਉਣ, ਨਿਗਮ ਦੀ ਵਾਰਡਬੰਦੀ ਲਈ 500 ਮੁਲਾਜ਼ਮਾਂ ਨੂੰ ਆਊਟਸੋਰਸ ਰਾਹੀਂ ਰੱਖਣ, ਸਵੱਛ ਭਾਰਤ ਤਹਿਤ 17 ਕਰੋੜ ਰੁਪਏ ਵਿੱਚ ਡਰਾਈ ਵੇਸਟ ਲਈ 200 ਟਿੱਪਰ ਅਤੇ 4 ਹੁੱਕ ਲੋਡਰ ਖਰੀਦਣ ਨੂੰ ਮਨਜ਼ੂਰੀ ਦਿੱਤੀ ਗਈ ਹੈ।