ਪੱਤਰ ਪ੍ਰੇਰਕ
ਖੰਨਾ, 23 ਜੁਲਾਈ
ਕਾਂਗਰਸ ਸਰਕਾਰ ਦੇ ਸ਼ਹਿਰ ਵਿੱਚ ਵਿਕਾਸ ਦੇ ਦਾਅਵਿਆਂ ਦੀ ਪੋਲ ਏਸ਼ੀਆ ਦੀ ਵੱਡੀ ਮੰਡੀ ਵਿੱਚ ਬੂਥਾਂ ਦੇ ਅੱਗੇ ਵਾਲਾ ਰਸਤਾ ਖੋਲ੍ਹ ਰਿਹਾ ਹੈ। ਇਸ ਇਲਾਕੇ ਦੇ ਦੁਕਾਨਦਾਰਾਂ ਨੇ ਕਿਹਾ ਕਿ ਇਸ ਬਦ ਤੋਂ ਬਦਤਰ ਰਸਤੇ ਸਬੰਧੀ ਕਈ ਵਾਰ ਮਾਰਕੀਟ ਕਮੇਟੀ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ, ਪਰ ਕੋਈ ਹੱਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਦੁਕਾਨਾਂ ਅੱਗੇ ਖੜ੍ਹਦੇ ਬਦਬੂ ਮਾਰਦੇ ਗੰਦੇ ਪਾਣੀ ਕਾਰਨ ਹਰ ਸਮੇਂ ਕੋਈ ਭਿਆਨਕ ਬਿਮਾਰੀ ਫੈਲਣ ਦਾ ਡਰ ਬਣਿਆ ਰਹਿੰਦਾ ਹੈ। ਸ਼੍ਰੋਮਣੀ ਅਕਾਲੀ ਦਲ ਵਰਕਿੰਗ ਕਮੇਟੀ ਮੈਂਬਰ ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਬਰਸਾਤ ਮੌਕੇ ਇਸ ਇਲਾਕੇ ਦੀ ਹਾਲਤ ਕਾਰਨ ਦੁਕਾਨਦਾਰਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਦਾ ਅਸਰ ਉਨ੍ਹਾਂ ਦੇ ਕਾਰੋਬਾਰ ’ਤੇ ਵੀ ਪੈਂਦਾ ਹੈ। ਉਨ੍ਹਾਂ ਮਾਰਕੀਟ ਕਮੇਟੀ ਸਕੱਤਰ ਨੂੰ ਕਈ ਵਾਰ ਰਸਤਾ ਠੀਕ ਕਰਨ ਅਤੇ ਪਾਣੀ ਦਾ ਹੱਲ ਕਰਵਾਉਣ ਲਈ ਅਪੀਲ ਕੀਤੀ, ਪਰ ਪ੍ਰਸ਼ਾਸ਼ਨ ’ਤੇ ਕੋਈ ਅਸਰ ਨਹੀਂ ਹੋ ਰਿਹਾ। ਯਾਦੂ ਨੇ ਕਿਹਾ ਕਿ ਸਾਢੇ ਚਾਰ ਸਾਲ ਤੋਂ ਵਿਕਾਸ ਦਾ ਦਾਅਵਾ ਕਰਨ ਵਾਲੀ ਕਾਂਗਰਸ ਸਰਕਾਰ ਦੇ ਕਾਰਨਾਮੇ ਹੁਣ ਸਭ ਦੇ ਸਾਹਮਣੇ ਹਨ।
ਇਸੇ ਤਰ੍ਹਾਂ ਇਥੋਂ ਦੇ ਸਮਰਾਲਾ ਰੋਡ ਪੁੱਲ ਹੇਠਾਂ ਮੰਡੀ ਗੇਟ ਨੰਬਰ-2 ਦੇ ਸਾਹਮਣੇ ਖੁੱਲ੍ਹੇ ਪਲਾਟ ਵਿਚ ਗੰਦਗੀ ਦੇ ਢੇਰ ਕਾਰਨਾਂ ਲੋਕਾਂ ਦਾ ਜਿਊਣਾ ਮੁਹਾਲ ਹੋ ਗਿਆ ਹੈ। ਹਿਊਮਨ ਰਾਈਟਸ ਜਨ ਚੇਤਨ ਮਿਸ਼ਨ ਦੇ ਪ੍ਰਧਾਨ ਪਰਵਿੰਦਰ ਸਿੰਘ ਨੇ ਦੱਸਿਆ ਕਿ ਗੰਦਗੀ ਦੇ ਢੇਰ ਕਾਰਨ ਭਿਆਨਕ ਬਿਮਾਰੀ ਫੈਲਣ ਦਾ ਖਦਸ਼ਾ ਹੈ। ਉਨ੍ਹਾਂ ਕਿਹਾ ਇਸ ਇਲਾਕੇ ਵਿਚ ਹਰ ਸੋਮਵਾਰ ਅਤੇ ਵੀਰਵਾਰ ਸਬਜ਼ੀ ਮੰਡੀ ਲੱਗਦੀ ਹੈ, ਜਿੱਥੇ ਸ਼ਹਿਰਵਾਸੀ ਸਬਜ਼ੀਆਂ ਖ਼ਰੀਦਣ ਆਉਂਦੇ ਹਨ। ਉਨ੍ਹਾਂ ਪਲਾਟ ਮਾਲਕ ਅਤੇ ਨਗਰ ਕੌਂਸਲ ਨੂੰ ਇਸ ਬਦਬੂ ਮਾਰਦੇ ਕੂੜੇ ਨੂੰ ਜਲਦ ਹਟਾਉਣ ਦੀ ਮੰਗ ਕੀਤੀ।