ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 29 ਸਤੰਬਰ
ਹਲਵਾਈ ਵੱਲੋਂ ਡੇਅਰੀ ਵਾਲੇ ਤੋਂ ਉਧਾਰ ਲਏ ਦੁੱਧ ਦੇ ਪੈਸੇ ਨਾ ਦੇਣ ਕਾਰਨ ਉਸ ਨੂੰ ਭਟੂਰਿਆਂ ’ਚ ਜ਼ਹਿਰ ਪਾ ਕੇ ਦੇ ਦਿੱਤਾ। ਜਿਸ ਤੋਂ ਬਾਅਦ ਪਿੰਡ ਖਾਨਪੁਰ ਦੇ ਡੇਅਰੀ ਵਾਲੇ ਬਲਜੀਤ ਸਿੰਘ ਦੀ ਹਾਲਤ ਖਰਾਬ ਹੋ ਗਈ ਤੇ ਬਲਜੀਤ ਨੇ ਇਸਦੀ ਜਾਣਕਾਰੀ ਆਪਣੇ ਦੋਸਤ ਨੂੰ ਦਿੱਤੀ। ਪਿੰਡ ਖਾਨਪੁਰ ਦਾ ਹੀ ਰਹਿਣ ਵਾਲਾ ਸੁਖਵਿੰਦਰ ਸਿੰਘ ਰਸਤੇ ’ਚ ਪੁੱਜਿਆ ਅਤੇ ਉਸ ਨੇ ਬਲਜੀਤ ਨੂੰ ਇਲਾਜ ਲਈ ਹਸਤਪਾਲ ’ਚ ਭਰਤੀ ਕਰਵਾਇਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਸੂਚਨਾ ਮਿਲਣ ਤੋਂ ਬਾਅਦ ਥਾਣਾ ਡਾਬਾ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਜਾਂਚ ਤੋਂ ਬਾਅਦ ਸੁਖਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਲੁਹਾਰਾ ਰੋਡ ਜਨਤਾ ਨਗਰ ਸਥਿਤ ਪੰਡਿਤ ਜੀ ਹਲਵਾਈ ਦੇ ਮਾਲਕ ਊਮਾ ਦੱਤ ਦੇ ਖਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸੁਖਵਿੰਦਰ ਸਿੰਘ ਵੱਲੋਂ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਬਲਜੀਤ ਸਿੰਘ ਪਿੰਡਾਂ ’ਚੋਂ ਦੁੱਧ ਇਕੱਠਾ ਕਰ ਸ਼ਹਿਰ ਨੂੰ ਸਪਲਾਈ ਕਰਦਾ ਸੀ। ਮੁਲਜ਼ਮ ਪੰਡਿਤ ਜੀ ਹਲਵਾਈ ਦਾ ਮਾਲਕ ਊਮਾ ਦੱਤ ਵੀ ਉਸ ਤੋਂ ਦੁੱਧ ਲੈਂਦਾ ਸੀ ਪਰ ਦੁੱਧ ਦੇ ਕਰੀਬ ਢਾਈ ਲੱਖ ਰੁਪਏ ਉਧਾਰ ਹੋ ਚੁੱਕੇ ਸਨ। ਬਲਜੀਤ ਨੇ ਪੈਸੇ ਨਾ ਮਿਲਣ ’ਤੇ ਦੁੱਧ ਬੰਦ ਕਰ ਦਿੱਤਾ। ਵਾਰ-ਵਾਰ ਪੈਸੇ ਮੰਗਣ ’ਤੇ ਊਮਾ ਦੱਤ ਪੈਸੇ ਨਹੀਂ ਦੇ ਰਿਹਾ ਸੀ। ਜਦੋਂ ਦੁੱਧ ਦੇ ਪੈਸੇ ਨਾ ਮਿਲੇ ਤਾਂ ਉਸਦਾ ਦੋਸਤ ਬਲਜੀਤ ਸਿੰਘ ਪਿੰਡ ਦੇ ਕੁਝ ਲੋਕਾਂ ਨੂੰ ਨਾਲ ਲੈ ਕੇ ਮੁਲਜ਼ਮ ਊਮਾ ਦੱਤ ਕੋਲ ਪੁੱਜਿਆ। ਊਮਾ ਦੱਤ ਨੇ ਉਸ ਸਮੇਂ ਫੈਸਲਾ ਕੀਤਾ ਕਿ ਉਹ ਉਨ੍ਹਾਂ ਦੇ ਪੈਸੇ ਕਿਸ਼ਤਾ ’ਚ ਦੇਵੇਗਾ। ਮੁਲਜ਼ਮ ਨੇ 20-20 ਹਜ਼ਾਰ ਦੇ ਪੰਜ ਚੈੱਕ ਬਤੌਰ ਸੁਰੱਖਿਆ ਬਲਜੀਤ ਨੂੰ ਦਿੱਤੇ। ਚੈੱਕ ਦੇਣ ਤੋਂ ਬਾਅਦ ਵੀ ਮੁਲਜ਼ਮ ਨੇ ਪੈਸੇ ਨਹੀਂ ਦਿੱਤੇ ਅਤੇ ਉਸਦੇ ਨਾਲ ਟਾਲ-ਮਟੋਲ ਕਰਦਾ ਰਿਹਾ। ਕੁਝ ਸਮਾਂ ਪਹਿਲਾਂ ਊਮਾ ਦੱਤ ਨੇ ਬਲਜੀਤ ਨੂੰ ਫੋਨ ਕਰ ਪੈਸੇ ਲਿਜਾਣ ਦੀ ਗੱਲ ਕੀਤੀ ਪਰ ਬਲਜੀਤ ਕਿਸੇ ਕਾਰਨ ਜਾ ਨਹੀਂ ਸਕਿਆ। 25 ਸਤੰਬਰ ਨੂੰ ਬਲਜੀਤ ਨੇ ਆਪਣੇ ਦੋਸਤ ਸੁਖਵਿੰਦਰ ਨੂੰ ਫੋਨ ਕੀਤਾ ਕਿ ਉਹ ਪੈਸੇ ਲੈਣ ਜਾ ਰਿਹਾ ਹੈ ਤੇ ਉਹ ਉਸ ਨਾਲ ਚੱਲੇ। ਸੁਖਵਿੰਦਰ ਕਿਸੇ ਕਾਰਨ ਨਹੀਂ ਜਾ ਸਕਿਆ। ਦੁਕਾਨ ’ਚ ਮੁਲਜ਼ਮ ਊਮਾ ਦੱਤ ਨੇ ਪੈਸੇ ਦੇਣ ਦੀ ਬਜਾਏ ਬਲਜੀਤ ਨੂੰ ਆਪਣੇ ਕੋਲ ਬਿਠਾ ਕੇ ਭਟੂਰੇ ਖੁਆਉਣ ਲੱਗਿਆ। ਇਸ ਦੌਰਾਨ ਉਸਨੇ ਕੋਈ ਜ਼ਹਿਰੀਲਾ ਪਦਾਰਥ ਮਿਲਾ ਦਿੱਤਾ। ਬਲਜੀਤ ਜਦੋਂ ਚਲਾ ਗਿਆ ਤਾਂ ਰਸਤੇ ’ਚ ਉਸਦੀ ਸਿਹਤ ਖਰਾਬ ਹੋ ਗਈ। ਉਸਨੇ ਆਪਣੇ ਦੋਸਤ ਸੁਖਵਿੰਦਰ ਨੂੰ ਫੋਨ ’ਤੇ ਸਾਰੀ ਜਾਣਕਾਰੀ ਦਿੱਤੀ। ਥਾਣਾ ਡਾਬਾ ਦੇ ਐੱਸਐੱਚਓ ਇੰਸਪੈਕਟਰ ਰੋਹਿਤ ਨੇ ਦੱਸਿਆ ਕਿ ਮੁਲਜ਼ਮ ਊਮਾ ਦੱਤ ਹਾਲੇ ਪੁਲੀਸ ਗ੍ਰਿਫ਼ਤ ’ਚੋਂ ਬਾਹਰ ਹੈ। ਉਸਦੀ ਭਾਲ ’ਚ ਛਾਪੇ ਮਾਰੇ ਜਾ ਰਹੇ ਹਨ।