ਪੱਤਰ ਪ੍ਰੇਰਕ
ਪਾਇਲ, 20 ਸਤੰਬਰ
ਪਾਇਲ ਖੇਤਰ ਦੀਆਂ ਬਹੁਤੀਆਂ ਸੜਕਾਂ ਦਾ ਬੁਰਾ ਹਾਲ ਹੈ ਜਿੱਥੇ ਅਕਸਰ ਹੀ ਹਾਦਸੇ ਵਾਪਰਦੇ ਰਹਿੰਦੇ ਹਨ ਪਰ ਸੂਬਾ ਸਰਕਾਰ ਦਾ ਇਧਰ ਕੋਈ ਧਿਆਨ ਨਹੀਂ। ਜੇ ਪਾਇਲ ਤੋਂ ਬੀਜਾ ਮੇਨ ਸੜਕ ਦੀ ਗੱਲ ਕਰੀਏ ਤਾਂ ਉਸ ਉੱਤੇ ਡੂੰਘੇ ਚੌੜੇ ਟੋਏ ਪਏ ਹੋਏ ਹਨ ਜਿੱਥੇ ਅਕਸਰ ਹੀ ਹਾਦਸੇ ਵਾਪਰਦੇ ਹਨ ਉੱਥੇ ਮਸ਼ੀਨਰੀ ਦੀ ਵੀ ਟੁੱਟ ਭੱਜ ਹੁੰਦੀ ਹੈ। ਇਸ ਛੇ ਕਿਲੋਮੀਟਰ ਦੀ ਸੜਕ ਵਿੱਚ ਪਏ ਡੂੰਘੇ ਚੌੜੇ ਟੋਇਆਂ ਕਾਰਨ ਰਾਹਗੀਰਾਂ ਨੂੰ ਆਪਣੇ ਵਾਹਨਾਂ ਨੂੰ ਹੋਰ ਲਿੰਕ ਸੜਕਾਂ ਰਾਹੀ ਪੈਂਡਾ ਤੈਅ ਕਰਨਾ ਪੈਂਦਾ ਹੈ। ਪਾਇਲ ਤੋਂ ਘੁਡਾਣੀ ਖੁਰਦ ਤੱਕ ਮੇਨ ਸੜਕ ਦੀ ਵੀ ਖਸਤਾ ਹਾਲਤ ਹੋਣ ਕਰਕੇ ਕਈ ਜਾਨਲੇਵਾ ਹਾਦਸੇ ਵਾਪਰ ਚੁੱਕੇ ਹਨ। ਧਮੋਟ ਕਲਾਂ ਤੋਂ ਭਾਡੇਵਾਲ, ਧਮੋਟ ਤੋਂ ਪੱਲਾ, ਪਾਇਲ ਤੋਂ ਬਰਮਾਲੀਪੁਰ, ਚੀਮਾ ਤੋਂ ਈਸੜੂ ਆਦਿ ਸੜਕਾਂ ਦਾ ਬਹੁਤ ਹੀ ਬੁਰਾ ਹਾਲ ਹੈ। ਲੋਕ ਜਗਾਓ ਮੰਚ ਦੇ ਆਗੂ ਗੁਰਦੀਪ ਸਿੰਘ ਕਾਲੀ, ਬੰਟੀ ਕਟਾਰੀਆਂ, ਪਰਮਵੀਰ ਸਿੰਘ, ਜਗਤਾਰ ਸਿੰਘ ਗਿੱਲ, ਸੁਰਿੰਦਰ ਸਿੰਘ ਛਿੰਦੀ ਨੇ ਸੂਬਾ ਸਰਕਾਰ ਅਤੇ ਲੋਕ ਨਿਰਮਾਣ ਵਿਭਾਗ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਪਾਇਲ ਖੇਤਰ ਦੀਆਂ ਟੁੱਟੀਆਂ ਸੜਕਾਂ ਜੇ ਨਵੀਆਂ ਨਹੀਂ ਬਣ ਸਕਦੀਆਂ ਤਾਂ ਕਿਰਪਾ ਕਰਕੇ ਇਨ੍ਹਾਂ ਦੀ ਮੁਰੰਮਤ ਹੀ ਕੀਤੀ ਜਾਵੇ।