ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 2 ਨਵੰਬਰ
ਇੱਥੇ ‘ਆਪ’ ਸਣੇ ਹੋਰ ਸਿਆਸੀ ਪਾਰਟੀਆਂ ਨਾਲ ਸਬੰਧਤ ਪੰਜ ਕੌਂਸਲਰਾਂ ਦੇ ਵਾਰਡਾਂ ਵਿੱਚੋਂ ਲੰਘਦੀ ਦਹਿਲੀਜ ਰੋਡ ਦੀ ਹਾਲਤ ਬੇਹੱਦ ਖ਼ਰਾਬ ਹੋ ਗਈ। ਲੋਕ ਰਸਤ ਬਦਲ ਕੇ ਲੰਘਣ ਲਈ ਮਜਬੂਰ ਹੋ ਰਹੇ ਹਨ। ਸੜਕ ’ਤੇ ਪਏ ਡੂੰਘੇ ਟੋਇਆਂ ਕਾਰਨ ਕਈ ਜਣਿਆਂ ਨੂੰ ਸੱਟਾਂ ਲੱਗ ਚੁੱਕੀਆਂ ਹਨ। ਸੜਕ ’ਤੇ ਪਏ ਟੋਇਆਂ ਕਾਰਨ ਵਾਹਨਾਂ ਨੂੰ ਵੀ ਨੁਕਸਾਨ ਪੁੱਜ ਰਿਹਾ ਹੈ। ਰਾਮ ਸ਼ਰਨਮ ਰੋਡ, ਸੁਭਾਸ਼ ਨਗਰ, ਜੰਡਾਲੀ ਰੋਡ, ਭਗਤ ਰਵੀਦਾਸ ਨਗਰ, ਛੰਨਾਂ ਗੇਟ, ਵਿਸ਼ਵਕਰਮਾ ਮੰਦਰ ਚੌਕ ਅਤੇ ਦਹਿਲੀਜ ਚੂੰਗੀ ਮੁਹੱਲਾ ਦੇ ਵਸਨੀਕਾਂ ਨੇ ਮੰਗ ਕੀਤੀ ਹੈ ਕਿ ਸੜਕ ਦੀ ਮੁੜ ਉਸਾਰੀ ਜਾਂ ਮੁਰੰਮਤ ਕੀਤੀ ਜਾਵੇ, ਨਹੀਂ ਉਹ ਸੰਘਰਸ਼ ਸ਼ੁਰੂ ਕਰਨਗੇ।
ਦਰਸ਼ਨ ਸਿੰਘ ਦੀ ਅਗਵਾਈ ਹੇਠ ਇਲਾਕਾ ਵਾਸੀਆਂ ਨੇ ਕਿਹਾ ਕਿ ਹੁਣ ਤੱਕ ਦੀਆਂ ਸਰਕਾਰਾਂ ਨੇ ਇਸ ਇਲਾਕੇ ਦੀਆਂ ਸੜਕਾਂ ਦੀ ਸੰਭਾਲ ਲਈ ਸੰਜੀਦਗੀ ਨਹੀਂ ਦਿਖਾਈ। ਬਰਸਾਤ ਅਤੇ ਧੁੰਦ ਦੇ ਦਿਨਾਂ ਵਿੱਚ ਸਮੱਸਿਆ ਹੋਰ ਵੀ ਵਧ ਜਾਂਦੀ ਹੈ। ਅਜਿਹੇ ਦਿਨਾਂ ਵਿੱਚ ਟੋਏ ਦਿਸਦੇ ਨਹੀਂ ਜਿਸ ਕਾਰਨ ਹਾਦਸੇ ਵਾਪਰਦੇ ਹਨ।
ਕੌਂਸਲ ਦੇ ਸੈਕਸ਼ਨਲ ਅਫ਼ਸਰ ਹੇਮੰਤ ਧਵਨ ਨੇ ਦਾਅਵਾ ਕੀਤਾ ਕਿ ਇਸ ਸੜਕ ਦੀ ਉਸਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਵਿਕਾਸ ਲਈ ਗ੍ਰਾਂਟਾਂ ਆਉਣ ਦੇ ਤੁਰੰਤ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਸ੍ਰੀ ਧਵਨ ਨੇ ਦਾਅਵਾ ਕੀਤਾ ਕਿ ਇਸ ਸਬੰਧ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੋਂ ਗ੍ਰਾਂਟਾਂ ਮੰਗਵਾਉਣ ਲਈ ਹਲਕਾ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੂੰ ਲਿਖਤੀ ਅਪੀਲ ਕੀਤੀ ਗਈ ਹੈ।