ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 23 ਸਤੰਬਰ
ਨਵ ਨਿਯੁਕਤ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਚਾਰਜ ਸੰਭਾਲਦੇ ਹੀ ਐਕਸ਼ਨ ਮੋਡ ’ਚ ਨਜ਼ਰ ਆਏ। ਪਹਿਲਾਂ ਤਾਂ ਉਨ੍ਹਾਂ ਨੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਤੇ ਦੇਰ ਸ਼ਾਮ ਨੂੰ ਥਾਣਾ ਮੁਖੀਆਂ ਤੇ ਚੌਕੀ ਇੰਚਾਰਜਾਂ ਨਾਲ ਮੀਟਿੰਗ ਕੀਤੀ। ਉਸ ਤੋਂ ਬਾਅਦ ਦੇਰ ਰਾਤ ਨੂੰ ਸ਼ਹਿਰ ਦੀ ਕਾਨੂੰਨ ਵਿਵਸਥਾ ’ਤੇ ਸਖ਼ਤ ਨਜ਼ਰ ਰੱਖਣ ਲਈ ਬੁੱਧਵਾਰ ਰਾਤ ਸ਼ਹਿਰ ’ਚ ਰਾਤ ਨੂੰ ਲੱਗੇ ਨਾਕਿਆਂ ਦੀ ਚੈਕਿੰਗ ਕੀਤੀ। ਇਸ ਦੌਰਾਨ ਪੁਲੀਸ ਕਮਿਸ਼ਨਰ ਨੇ ਵੱਖ-ਵੱਖ ਪੁਲੀਸ ਨਾਕਿਆਂ ’ਤੇ ਖੁਦ ਗਏ ਤੇ ਮੁਲਾਜ਼ਮਾਂ ਨਾਲ ਗੱਲਬਾਤ ਵੀ ਕੀਤੀ। ਉਸ ਦੌਰਾਨ ਉਨ੍ਹਾਂ ਨੇ ਐੱਮਬੀਡੀ ਮਾਲ ਦੇ ਕੋਲ, ਸਰਾਭਾ ਨਗਰ ਮਾਰਕੀਟ ਤੇ ਫਿਰੋਜ਼ਪੁਰ ਰੋਡ ਸਮੇਤ ਕਈ ਇਲਾਕਿਆਂ ਦਾ ਦੌਰਾ ਕੀਤਾ। ਸ੍ਰੀ ਭੁੱਲਰ ਨੇ ਕਿਹਾ ਕਿ ਬਿਨਾਂ ਚੈਕਿੰਗ ਦੇ ਕਿਸੇ ਵੀ ਵਾਹਨ ਨੂੰ ਸ਼ਹਿਰ ’ਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਇਸ ਦੌਰਾਨ ਸੀਪੀ ਨੇ ਕਿਹਾ ਕਿ ਪਾਰਦਰਸ਼ੀ ਕਾਰਜਪ੍ਰਣਾਲੀ, ਜਵਾਬਦੇਹੀ ਅਤੇ ਕ੍ਰਾਈਮ ਕੰਟਰੋਲ ਕਰਨਾ ਪੁਲੀਸ ਦਾ ਮੁੱਖ ਟੀਚਾ ਰਹੇਗਾ। ਸੀਪੀ ਨੇ ਅਫ਼ਸਰਾਂ ਨੂੰ ਹੁਕਮ ਦਿੱਤੇ ਹਨ ਕਿ ਥਾਣਿਆਂ ’ਚ ਪੁੱਜਣ ਵਾਲੇ ਲੋਕਾਂ ਦੀਆਂ ਸਮੱਸਿਆਵਾਂ ਦਾ ਤਤਕਾਲ ਹੱਲ ਕੀਤਾ ਜਾਵੇ ਤਾਂ ਕਿ ਕ੍ਰਾਈਮ ਨੂੰ ਕੰਟਰੋਲ ਕਰਨ ’ਚ ਮਦਦ ਮਿਲ ਸਕੇ। ਪੁਲੀਸ ਪੈਟਰੋਲਿੰਗ ਨੂੰ ਦਰੁਸਤ ਕੀਤਾ ਜਾਵੇ। ਪੁਲੀਸ ਮੁਲਾਜ਼ਮਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਲਈ ਵੀ ਵਿਸ਼ੇਸ਼ ਕੋਸ਼ਿਸ਼ ਕੀਤੀ ਜਾਵੇਗੀ। ਸੀਪੀ ਭੁੱਲਰ ਨੇ ਕਿਹਾ ਕਿ ਨਸ਼ੇ ’ਤੇ ਨਕੇਲ ਕੱਸਣ ਲਈ ਮੁਹਿੰਮ ਨੂੰ ਹੋਰ ਵੀ ਪ੍ਰਭਾਵਸ਼ਾਲੀ ਢੰਗ ਨਾਲ ਚਲਾਇਆ ਜਾਵੇਗਾ ਤਾਂ ਕਿ ਸ਼ਹਿਰ ਨੂੰ ਨਸ਼ੇ ਤੋਂ ਮੁਕਤੀ ਦਿਵਾਈ ਜਾ ਸਕੇ। ਟਰੈਫਿਕ ਕੰਟਰੋਲ ਕਰਨ ਲਈ ਵੀ ਰਣਨੀਤੀ ਉਲੀਕੀ ਜਾਵੇਗੀ। ਉਸ ਲਈ ਟਰੈਫਿਕ ਪ੍ਰਬੰਧਾਂ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਵੇਗੀ। ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾਲ ਨਜਿੱਠਣ ਲਈ ਪੀਸੀਆਰ ਦਸਤਿਆਂ ਨੂੰ ਹੋਰ ਚੁਸਤ ਕੀਤਾ ਜਾਵੇਗਾ। ਪਬਲਿਕ ਡੀਲਿੰਗ ਲਈ ਥਾਣਿਆਂ ਨੂੰ ਵਧੀਆ ਬਣਾਇਆ ਜਾਵੇਗਾ। ਉਸ ਲਈ ਆਮ ਲੋਕਾਂ ਅਤੇ ਮੀਡੀਆ ਤੋਂ ਸੁਝਾਅ ਲਏ ਜਾਣਗੇ।
ਪੁਲੀਸ ਕਮਿਸ਼ਨਰ ਨੇ ਖੁਦ ਕੀਤੀ ਵਾਹਨਾਂ ਦੀ ਜਾਂਚ
ਉਨ੍ਹਾਂ ਨੇ ਸ਼ਹਿਰ ਵਾਸੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਟੀਮਾਂ ਨੂੰ ਦਿਸ਼ਾ ਨਿਰਦੇਸ਼ ਵੀ ਦਿੱਤੇ। ਵਾਹਨਾਂ ਦੀ ਚੈਕਿੰਗ ਦੌਰਾਨ ਟੀਮਾਂ ਨਾਲ ਮੌਕੇ ’ਤੇ ਖੁਦ ਵਾਹਨ ਵੀ ਚੈਕ ਕੀਤੇ। ਸ਼ਹਿਰ ਦੇ ਪੁਲੀਸ ਪ੍ਰਮੁੱਖ ਨੇ ਪੁਲੀਸ ਚੈਕਿੰਗ ਟੀਮਾਂ ਨਾਲ ਗੱਲ ਵੀ ਕੀਤੀ ਤੇ ਉਨ੍ਹਾਂ ਨੂੰ ਇਮਾਨਦਾਰੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਪ੍ਰੇਰਿਤ ਕੀਤਾ।