ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 11 ਮਈ
ਥਾਣਾ ਸਿਟੀ ਅੱਗੇ ਪੰਜਾਹ ਦਿਨ ਤੋਂ ਚੱਲ ਰਿਹਾ ਧਰਨਾ ਜਾਰੀ ਰਿਹਾ। ਕੁਲਵੰਤ ਕੌਰ ਦੀ ਮੌਤ ਮਗਰੋਂ ਡੀਐੱਸਪੀ ਸਮੇਤ ਚਾਰਾਂ ਜਣਿਆਂ ਖ਼ਿਲਾਫ਼ ਦਰਜ ਮਾਮਲੇ ’ਚ ਗ੍ਰਿਫ਼ਤਾਰੀਆਂ ਦੀ ਮੰਗ ਲਈ ਜਨਤਕ ਜਥੇਬੰਦੀਆਂ ਨੇ ਇਹ ਧਰਨਾ ਲਾਇਆ ਹੋਇਆ ਹੈ।
ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਸਕੱਤਰ ਜਸਦੇਵ ਸਿੰਘ ਲਲਤੋਂ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਅਵਤਾਰ ਸਿੰਘ ਰਸੂਲਪੁਰ, ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਜਗਸੀਰ ਸਿੰਘ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਜਬਰ ਜ਼ੁਲਮ ਵਿਰੋਧੀ ਫਰੰਟ ਦੇ ਪ੍ਰਧਾਨ ਰਾਜ ਸਿੰਘ ਟੋਡਰਵਾਲ ਨੇ ਕਿਹਾ ਅਨੁਸੂਚਿਤ ਜਾਤੀ ਕਮਿਸ਼ਨ ਨੇ ਧਰਨੇ ਦਾ ਨੋਟਿਸ ਲੈਂਦਿਆਂ ਮੁਲਜ਼ਮਾਂ ਦੀ ਤੁਰੰਤ ਗ੍ਰਿਫ਼ਤਾਰੀ ਸਬੰਧੀ ਏਡੀਸੀ ਦੀ ਅਗਵਾਈ ’ਚ ਨਵੀਂ ਤਿੰਨ ਮੈਂਬਰੀ ‘ਸਿੱਟ’ ਬਣਾਉਣ ਦੇ ਹੁਕਮ ਜਾਰੀ ਕੀਤੇ ਸਨ। ਜਾਣਕਾਰੀ ਮੁਤਾਬਕ ਡੀਜੀਪੀ ਤੋਂ 11 ਮਈ ਨੂੰ ਐਕਸ਼ਨ ਟੇਕਨ ਰਿਪੋਰਟ ਤਲਬ ਕੀਤੀ ਗਈ ਸੀ ਪਰ ਅੱਜ ਦਫ਼ਤਰ ਦਾ ਕੋਈ ਵੀ ਅਧਿਕਾਰੀ ਕਮਿਸ਼ਨ ਅੱਗੇ ਪੇਸ਼ ਨਹੀਂ ਹੋਇਆ ਤਾਂ ਖ਼ਫਾ ਕਮਿਸ਼ਨ ਨੇ ਡੀਜੀਪੀ ਤੋਂ ਹੁਣ ਤਿੰਨ ਦਿਨਾਂ ’ਚ ਰਿਪੋਰਟ ਮੰਗੀ ਹੈ।