ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 16 ਜਨਵਰੀ
‘ਲੋਹੜੀ ਪਾਲ਼ਾ ਕੋਹੜੀ’ ਵਾਲੀ ਕਹਾਵਤ ਐਤਕੀਂ ਪੁੱਠੀ ਪੈ ਗਈ ਹੈ। ਲੋਹੜੀ ਲੰਘਣ ਮਗਰੋਂ ਠੰਢ ਘੱਟ ਹੋਣ ਦੀ ਥਾਂ ਵਧ ਗਈ ਹੈ। ਮੌਸਮ ਵਿਭਾਗ ਮੁਤਾਬਕ ਅਗਲਾ ਹਫ਼ਤਾ ਵੀ ਇਸੇ ਤਰ੍ਹਾਂ ਠੰਢਾ ਰਹਿਣ ਦੇ ਆਸਾਰ ਹਨ। ਸੀਤ ਲਹਿਰ ਨੇ ਤਾਪਮਾਨ ਹੇਠਾਂ ਸੁੱਟ ਦਿੱਤਾ ਹੈ ਤੇ ਕੜਾਕੇ ਦੀ ਠੰਢ ’ਚ ਜਕੜੇ ਲੋਕਾਂ ਨੂੰ ਕਾਂਬਾ ਛਿੜ ਗਿਆ ਹੈ। ਠੰਢ ਜ਼ਿਆਦਾ ਵਧ ਜਾਣ ਕਰਕੇ ਲੋਕਾਂ ਦਾ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਕੜਾਕੀ ਦੀ ਠੰਢ ਦਾ ਅਸਰ ਲੋਕਾਂ ਦੀ ਸਿਹਤ ਤੋਂ ਇਲਾਵਾ ਕਾਰੋਬਾਰ ’ਤੇ ਵੀ ਪੈ ਰਿਹਾ ਹੈ। ਬਾਜ਼ਾਰਾਂ ’ਚ ਲੋਕ ਅੱਗ ਤੋਂ ਬਚਾਅ ਲਈ ਅੱਗ ਸੇਕਦੇ ਆਮ ਹੀ ਦੇਖੇ ਜਾ ਸਕਦੇ ਹਨ। ਇਸੇ ਤਰ੍ਹਾਂ ਘਰਾਂ ’ਚ ਵੀ ਲੋਕਾਂ ਵੱਲੋਂ ਅੱਗ ਸੇਕਣ ਲਈ ਲੱਕੜਾਂ, ਕੋਲੇ ਬਾਲਣ ਤੋਂ ਇਲਾਵਾ ਹੀਟਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਜਿੱਥੇ ਸ਼ਹਿਰਾਂ ’ਚ ਅੱਜ ਐਤਵਾਰ ਤੇ ਵੱਧ ਠੰਢ ਹੋਣ ਕਰਕੇ ਸੁੰਨ ਪੱਸਰੀ ਰਹੀ, ਉਥੇ ਹੀ ਪੇਂਡੂ ਖੇਤਰ ’ਚ ਵੀ ਲੋਕ ਠੰਢ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਨਜ਼ਰ ਆਏ। ਸਵਖਤੇ ਉੱਠ ਕੇ ਪਸ਼ੂਆਂ ਲਈ ਚਾਰਾ ਬਗੈਰਾ ਲਿਆਉਣ, ਧਾਰਾ ਕੱਢਣ ਸਮੇਤ ਹਰ ਕੰਮ ਪ੍ਰਭਾਵਿਤ ਹੋ ਰਿਹਾ ਹੈ। ਸੂਰਜ ਦੇ ਦਰਸ਼ਨ ਨਾ ਹੋਣ ਕਰਕੇ ਦਿਨ ਦੀ ਸ਼ੁਰੂਆਤ ਦੇਰੀ ਨਾਲ ਹੋਣ ਲੱਗੀ ਹੈ ਅਤੇ ਸ਼ਾਮ ਢਲਣ ਤੋਂ ਪਹਿਲਾਂ ਹੀ ਲੋਕ ਰਜਾਈਆਂ ’ਚ ਵੜਨ ਨੂੰ ਪਹਿਲ ਦੇਣ ਲੱਗੇ ਹਨ।
ਬਜ਼ੁਰਗਾਂ ਲਈ ਤਾਂ ਇਹ ਕਹਿਰ ਦੀ ਠੰਢ ਕਹਿਰ ਬਣ ਰਹੀ ਹੈ। ਗਰਮ ਕੱਪੜਿਆਂ ਤੇ ਰੈਡੀਮੇਡ ਦਾ ਕੰਮ ਕਰਦੇ ਜਿਹੜੇ ਵਪਾਰੀ ਤੇ ਦੁਕਾਨਦਾਰ ਕੁਝ ਦਿਨ ਪਹਿਲਾਂ ਤੱਕ ਠੰਢ ਨਾ ਪੈਣ ਕਰਕੇ ਨਿਰਾਸ਼ ਸਨ, ਉਨ੍ਹਾਂ ਨੂੰ ਇਸ ਠੰਢ ’ਚ ਵਿੱਕਰੀ ਵਧਣ ਦੀ ਖੁਸ਼ੀ ਜ਼ਰੂਰ ਹੈ। ਕਰੋਨਾਵਾਇਰਸ ਦੀ ਤੀਜੀ ਲਹਿਰ ’ਚ ਕੁਝ ਪਾਬੰਦੀਆਂ ਨੂੰ ਹੋਰ ਅੱਗੇ ਵਧਾਇਆ ਗਿਆ ਹੈ। ਭਾਵੇਂ ਸਕੂਲ ਕਾਲਜ ਬੰਦ ਰੱਖੇ ਜਾ ਰਹੇ ਹਨ ਪਰ ਅਧਿਆਪਕਾਂ ਤੇ ਹੋਰ ਸਟਾਫ਼ ਨੂੰ ਸੋਮਵਾਰ ਤੋਂ ਸਕੂਲ ਸੱਦ ਲਿਆ ਗਿਆ ਹੈ। ਇਨ੍ਹਾਂ ਅਧਿਆਪਕਾਂ ਦਾ ਕਹਿਣਾ ਹੈ ਕਿ ਕਰੋਨਾ ਮਹਾਮਾਰੀ ਤੇ ਕੜਾਕੇ ਦੀ ਠੰਢ ’ਚ ਸਕੂਲ ਸੱਦਣਾ ਸਿਹਤ ਨਾਲ ਖਿਲਵਾੜ ਹੈ। ਉਨ੍ਹਾਂ ਦੀ ਮੰਗ ਹੈ ਕਿ ਹੱਡ ਚੀਰਵੀਂ ਠੰਢ ਦੇ ਮੱਦੇਨਜ਼ਰ ਇਕ ਹਫ਼ਤਾ ਸਕੂਲ ਤੋਂ ਹੋਰ ਛੁੱਟੀਆਂ ਮਿਲਣੀਆਂ ਚਾਹੀਦੀਆਂ ਹਨ।
ਬੱਦਲਵਾਈ ਅਤੇ ਧੁੰਦ ਦੇ ਪਸਾਰੇ ਨੇ ਠੰਢ ’ਚ ਕੀਤਾ ਵਾਧਾ
ਲੁਧਿਆਣਾ (ਸਤਵਿੰਦਰ ਬਸਰਾ): ਗਰਮ ਸ਼ਹਿਰਾਂ ਵਜੋਂ ਮਸ਼ਹੂਰ ਲੁਧਿਆਣਾ ਵਿੱਚ ਪਿਛਲੇ ਕਈ ਦਿਨਾਂ ਤੋਂ ਸੂਰਜ ਦਿਖਾਈ ਨਾ ਦੇਣ ਕਰ ਕੇ ਠੰਢ ਦਾ ਪਸਾਰਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਸਵੇਰੇ ਅਤੇ ਰਾਤ ਸਮੇਂ ਪਾਰਾ ਹੋਰ ਹੇਠਾਂ ਆ ਜਾਣ ਕਾਰਨ ਲੋਕਾਂ ਦਾ ਜਿਊਣਾ ਮੁਸ਼ਕਲ ਹੋ ਗਿਆ ਹੈ। ਇਹ ਠੰਢ ਉਨ੍ਹਾਂ ਲੋਕਾਂ ਲਈ ਕਹਿਰ ਬਣਕੇ ਆਈ ਹੈ ਜਿਨ੍ਹਾਂ ਦੇ ਸਿਰਾਂ ’ਤੇ ਛੱਤਾਂ ਨਹੀਂ ਅਤੇ ਉਹ ਸੜਕਾਂ ਕਿਨਾਰੇ ਹੀ ਤਰਪਾਲਾਂ ਆਦਿ ਵਿੱਚ ਰਾਤਾਂ ਗੁਜ਼ਾਰਦੇ ਹਨ। ਸਨਅਤੀ ਸ਼ਹਿਰ ਲੁਧਿਆਣਾ ਵਿੱਚ ਅੱਜਕਲ੍ਹ ਠੰਢ ਪੂਰੇ ਜ਼ੋਬਨ ’ਤੇ ਹੈ। ਪਿਛਲੀ 12 ਜਨਵਰੀ ਤੋਂ ਲਗਾਤਾਰ ਧੁੰਦ ਅਤੇ ਬੱਦਲਵਾਈ ਵਾਲਾ ਮੌਸਮ ਬਣਿਆ ਹੋਣ ਕਰਕੇ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸੂਰਜ ਦਿਖਾਈ ਨਹੀਂ ਦਿੱਤਾ। ਲੋਕ ਠੰਢ ਤੋਂ ਬਚਣ ਲਈ ਤਰ੍ਹਾਂ-ਤਰ੍ਹਾਂ ਦੇ ਉਪਾਅ ਕਰਦੇ ਦੇਖੇ ਜਾ ਸਕਦੇ ਹਨ। ਕਈ ਲੋਕਾਂ ਨੇ ਭਾਵੇਂ ਠੰਢ ਤੋਂ ਬਚਣ ਲਈ ਸੜ੍ਹਕਾਂ ’ਤੇ ਹੀ ਧੂਣੀਆਂ ਬਾਲੀਆਂ ਹੋਈਆਂ ਹਨ ਪਰ ਇਨ੍ਹਾਂ ਕਾਰਨ ਫੈਲ ਰਹੀ ਗੰਦਗੀ ਸਮਾਰਟ ਸ਼ਹਿਰ ਦੀ ਦਿੱਖ ਨੂੰ ਹੋਰ ਵਿਗਾੜ ਰਹੀ ਹੈ। ਇਹ ਠੰਢ ਉਨ੍ਹਾਂ ਲੋਕਾਂ ਲਈ ਹੋਰ ਵੀ ਕਹਿਰ ਬਣਕੇ ਆਈ ਹੈ ਜਿਨ੍ਹਾਂ ਦਾ ਆਪਣਾ ਕੋਈ ਘਰ ਨਹੀਂ ਅਤੇ ਉਹ ਘੰਟਾ ਘਰ ਨੇੜੇ ਮਾਤਾ ਰਾਣੀ ਚੌਕ, ਜਗਰਾਉਂ ਪੁਲ ਨੇੜੇ ਦੁਰਗਾ ਮਾਤਾ ਮੰਦਰ, ਗੁਰਦੁਆਰਾ ਦੂਖ ਨਿਵਾਰਨ ਸਾਹਿਬ, ਦੰਡੀ ਸਵਾਮੀ ਰੋਡ ਆਦਿ ਨੇੜੇ ਆਰਜੀ ਪ੍ਰਬੰਧ ਕਰ ਕੇ ਆਪਣਾ ਗੁਜ਼ਾਰਾ ਕਰਨ ਲਈ ਮਜਬੂਰ ਹਨ। ਹੈਰਾਨੀ ਇਸ ਗੱਲ ਦੀ ਹੈ ਕਿ ਨਗਰ ਨਿਗਮ ਵੱਲੋਂ ਅਜਿਹੇ ਬੇ-ਘਰੇ ਲੋਕਾਂ ਲਈ ਹੈਬੋਵਾਲ, ਘੰਟਾ ਘਰ, ਵਿਸ਼ਵਕਰਮਾ ਚੌਕ ਅਤੇ ਚੀਮਾ ਚੌਕ ਨੇੜੇ ਸ਼ੈਲਟਰ ਹੋਮ ਬਣਾਏ ਹੋਣ ਦੇ ਬਾਵਜੂਦ ਫੁੱਟਪਾਥਾਂ ਅਤੇ ਸੜਕਾਂ ਕਿਨਾਰੇ ਅਜਿਹੇ ਲੋਕਾਂ ਦੀ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਹੈ।