ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 25 ਅਕਤੂਬਰ
ਇਥੋਂ ਦੇ ਭੀੜ-ਭਾੜ ਵਾਲੇ ਤੇ ਤੰਗ ਇਲਾਕੇ ’ਚ ਈਸ਼ਰ ਚੌਕ ਨੇੜੇ ਇਕ ਗੁਦਾਮ ’ਚ ਅੱਗ ਲੱਗਣ ਕਾਰਨ ਅੰਦਰ ਪਿਆ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਇਹ ਅੱਗ ਦੀਵਾਲੀ ਦੇ ਪਟਾਕਿਆਂ ਕਰਕੇ ਲੱਗੀ ਦੱਸੀ ਜਾਂਦੀ ਹੈ। ਵੇਰਵਿਆਂ ਮੁਤਾਬਕ ਈਸ਼ਰ ਹਲਵਾਈ ਚੌਕ ਨੇੜੇ ਮੁਹੱਲਾ ਇਦਲਪੁਰਾ ‘ਚ ਇਕ ਕੱਪੜੇ ਵਾਲੇ ਦੁਕਾਨਦਾਰ ਨੇ ਗੁਦਾਮ ਬਣਾਇਆ ਹੋਇਆ ਸੀ। ਅਗਾਮੀ ਸਰਦੀ ਦੇ ਮੌਸਮ ਦੇ ਮੱਦੇਨਜ਼ਰ ਗੁਦਾਮ ’ਚ ਕੰਬਲਾਂ ਸਮੇਤ ਹੋਰ ਗਰਮ ਕੱਪੜੇ ਰੱਖੇ ਹੋਏ ਸਨ। ਅੱਗ ਲੱਗਣ ਵਾਲੀ ਥਾਂ ਦੇ ਨੇੜਲੇ ਲੋਕਾਂ ਨੇ ਦੱਸਿਆ ਕਿ ਬੀਤੀ ਰਾਤ ਦੀਵਾਲੀ ਦੇ ਪਟਾਕੇ ਦੀ ਚਿੰਗਾਰੀ ਘਰ ’ਚ ਬਣੇ ਗੁਦਾਮ ਅੰਦਰ ਪਏ ਕੱਪੜੇ ਤੇ ਹੋਰ ਸਾਮਾਨ ’ਤੇ ਆ ਡਿੱਗੀ। ਸਿੱਟੇ ਵਜੋ ਅਚਨਚੇਤ ਅੱਗ ਲੱਗ ਗਈ। ਕੁਝ ਹੀ ਸਮੇਂ ’ਚ ਅੱਗ ਪੂਰੀ ਤਰ੍ਹਾਂ ਫੈਲ ਗਈ ਅਤੇ ਗੁਦਾਮ ’ਚ ਰੱਖਿਆ ਲੱਖਾਂ ਰੁਪਏ ਦਾ ਸਾਮਾਨ ਸੜ ਗਿਆ। ਦੁਕਾਨ ਮਾਲਕ ਗੁਰਚਰਨ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਪ੍ਰਮੁੱਖ ਬਾਜ਼ਾਰ ਦੀ ਮੀਟ ਮਾਰਕੀਟ ਦੇ ਬਾਹਰ ਉਨ੍ਹਾਂ ਦੀ ਖੱਦਰ ਭੰਡਾਰ ਦੇ ਨਾਂ ’ਤੇ ਦੁਕਾਨ ਹੈ। ਉਹ ਖੇਸ, ਕੰਬਲ, ਰਜਾਈਆਂ ਆਦਿ ਵੇਚਣ ਦਾ ਕਾਰੋਬਾਰ ਕਰਦੇ ਹਨ। ਉਨ੍ਹਾਂ ਆਉਂਦੀ ਸਰਦੀ ਦੇ ਮੱਦੇਨਜ਼ਰ ਅਗਾਊਂ ਰਜਾਈਆਂ, ਕੰਬਲ, ਖੇਸ ਆਦਿ ਲਿਆ ਕੇ ਗੋਦਾਮ ’ਚ ਰੱਖੇ ਸਨ ਤਾਂ ਜੋ ਦੀਵਾਲੀ ਤੋਂ ਬਾਅਦ ਇਨ੍ਹਾਂ ਨੂੰ ਵੇਚਣ ਲਈ ਦੁਕਾਨ ’ਤੇ ਲੋੜ ਮੁਤਾਬਕ ਲਿਆਂਦਾ ਜਾ ਸਕੇ। ਅਨਾਰਕਲੀ ਬਾਜ਼ਾਰ ਦੇ ਨੇੜੇ ਸਥਿਤ ਇਸ ਗੋਦਾਮ ’ਚ ਅੱਗ ਲੱਗ ਗਈ ਜਿਸ ਨੇ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਗੋਦਾਮ ’ਚ ਕੱਚੇ ਧਾਗੇ ਸਮੇਤ ਹੋਰ ਸਾਮਾਨ ਵੀ ਪਿਆ ਸੀ। ਘਟਨਾ ਦੀ ਜਾਣਕਾਰੀ ਸਵੇਰੇ ਸਾਢੇ 7 ਵਜੇ ਲੱਗੀ ਜਦੋਂ ਗੋਦਾਮ ਦੇ ਨਾਲ ਵਾਲੇ ਘਰ ਵਾਲਿਆਂ ਉਨ੍ਹਾਂ ਨੂੰ ਇਸ ਬਾਰੇ ਸੂਚਿਤ ਕੀਤਾ। ਇਸ ਤੋਂ ਬਾਅਦ ਉਹ ਗੋਦਾਮ ’ਚ ਪੁੱਜੇ ਪਰ ਉਦੋਂ ਤਕ ਸਾਰਾ ਕੁਝ ਸੜ ਕੇ ਸੁਆਹ ਹੋ ਚੁੱਕਾ ਸੀ ਜਿਸ ਕਰਕੇ ਕਾਫੀ ਨੁਕਸਾਨ ਹੋਇਆ ਹੈ। ਫਾਇਰ ਬ੍ਰਿਗੇਡ ਦੀ ਗੱਡੀ ਨੇ ਆ ਕੇ ਸੁਲਗਦੀ ਅੱਗ ਨੂੰ ਬੁਝਾਇਆ। ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਵੀ ਅੱਗ ਲੱਗਣ ਦੀ ਸੂਚਨਾ ਮਿਲਣ ’ਤੇ ਸਵੇਰੇ ਮੌਕਾ ਦੇਖਣ ਪੁੱਜੇ। ਉਨ੍ਹਾਂ ਦੁਕਾਨਦਾਰ ਨਾਲ ਹਮਦਰਦੀ ਜ਼ਾਹਿਰ ਕੀਤੀ। ਦੁਕਾਨਦਾਰ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।
ਆਤਿਸ਼ਬਾਜ਼ੀ ਕਾਰਨ 35 ਥਾਵਾਂ ’ਤੇ ਅੱਗ ਲੱਗੀ
ਲੁਧਿਆਣਾ (ਗੁਰਿੰਦਰ ਸਿੰਘ): ਇਥੇ ਦੀਵਾਲੀ ਦੀ ਰਾਤ ਆਤਿਸ਼ਬਾਜ਼ੀ ਕਾਰਨ ਕਈ ਥਾਵਾਂ ’ਤੇ ਅੱਗ ਲੱਗ ਗਈ ਜਿਸ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਜਦਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਇਥੋਂ ਦੇ ਵੱਖ ਵੱਖ ਇਲਾਕਿਆਂ ਵਿੱਚ 35 ਥਾਵਾਂ ’ਤੇ ਅੱਗ ਲੱਗਣ ਬਾਰੇ ਪਤਾ ਲੱਗਾ ਹੈ ਜਦਕਿ ਤਾਜਪੁਰ ਰੋਡ ਸਥਿਤ ਮਹਾਂਵੀਰ ਜੈਨ ਕਲੋਨੀ ਸਥਿਤ ਕੇ ਆਰ ਪੋਲਿਸਟਰ ਫੈਕਟਰੀ ਵਿੱਚ ਅੱਗ ਨਾਲ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ। ਅੱਗ ਇੰਨੀ ਭਿਆਨਕ ਸੀ ਕਿ ਇਸ ਦੀਆਂ ਲਪਟਾਂ ’ਤੇ ਕਾਫੀ ਸਮੇਂ ਬਾਅਦ ਕਾਬੂ ਪਾਇਆ ਜਾ ਸਕਿਆ। ਇਥੇ ਨੇੜੇ ਰਹਿੰਦੇ ਲੋਕਾਂ ਨੇ ਅੱਗ ਉਪਰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫ਼ਲ ਨਹੀਂ ਹੋਏ। ਫਾਇਰ ਬ੍ਰਿਗੇਡ ਦੀਆਂ 80 ਦੇ ਕਰੀਬ ਗੱਡੀਆਂ ਨੇ 10 ਘੰਟੇ ਦੀ ਸਖ਼ਤ ਮਿਹਨਤ ਤੋਂ ਬਾਅਦ ਅੱਗ ਉਪਰ ਕਾਬੂ ਪਾਇਆ। ਅੱਗ ਦੌਰਾਨ ਫੈਕਟਰੀ ਵਿੱਚ ਪਈਆਂ ਮਸ਼ੀਨਾਂ ਅਤੇ ਸਾਰਾ ਸਾਮਾਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਜਿਸ ਨਾਲ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ। ਫਾਇਰ ਬ੍ਰਿਗੇਡ ਦੇ ਬੁਲਾਰੇ ਨੇ ਦੱਸਿਆ ਹੈ ਕਿ ਬੀਤੀ ਰਾਤ ਫ਼ਾਇਰ ਬ੍ਰਿਗੇਡ ਦਫ਼ਤਰ ਵਿੱਚ ਅੱਗ ਲੱਗਣ ਬਾਰੇ 69 ਟੈਲੀਫੋਨ ਕਾਲਾਂ ਆਈਆਂ ਜਦਕਿ ਕਈ ਥਾਵਾਂ ’ਤੇ ਲੋਕਾਂ ਨੇ ਖ਼ੁਦ ਹੀ ਅੱਗ ’ਤੇ ਕਾਬੂ ਪਾ ਲਿਆ ਜਦਕਿ 35 ਥਾਵਾਂ ’ਤੇ ਫਾਇਰ ਵਿਭਾਗ ਦੀਆਂ ਟੀਮਾਂ ਨੇ ਪੁੱਜ ਕੇ ਅੱਗ ਉਪਰ ਕਾਬੂ ਪਾਇਆ। ਇਸ ਤੋਂ ਇਲਾਵਾ ਦੇਰ ਰਾਤ ਨਿਊ ਸ਼ਿਵਾਜੀ ਨਗਰ ਸਥਿਤ ਇੱਕ ਬੰਦ ਗੁਦਾਮ ਵਿੱਚ ਵੀ ਅੱਗ ਲੱਗਣ ਨਾਲ ਕਾਫ਼ੀ ਨੁਕਸਾਨ ਹੋ ਗਿਆ ਹੈ। ਲੋਕਾਂ ਨੇ ਅੱਗ ਦੀਆਂ ਲਪਟਾਂ ਦੇਖ ਕੇ ਤੁਰੰਤ ਮਾਲਕ ਨੂੰ ਫੋਨ ਕੀਤਾ ਜੋ ਨੇੜੇ ਹੀ ਰਹਿੰਦਾ ਸੀ। ਤਿੰਨ ਚਾਰ ਫਾਇਰ ਗੱਡੀਆਂ ਦੀ ਮਦਦ ਨਾਲ ਅੱਗ ਉਪਰ ਕਾਬੂ ਪਾ ਲਿਆ ਗਿਆ। ਜਿਸ ਗੁਦਾਮ ਵਿੱਚ ਅੱਗ ਲੱਗੀ ਸੀ ਉਸ ਦਾ ਦਰਵਾਜ਼ਾ ਅੰਦਰੋਂ ਬੰਦ ਸੀ ਜਿਸ ਕਾਰਨ ਹੇਠਾਂ ਪਿਆ ਸਾਰਾ ਸਾਮਾਨ ਸੁਆਹ ਹੋ ਗਿਆ ਹੈ। ਲੋਕਾਂ ਨੇ ਦੱਸਿਆ ਹੈ ਕਿ ਗੁਦਾਮ ਵਿੱਚ ਕੈਮੀਕਲ ਪਿਆ ਹੋਇਆ ਸੀ ਜਿਸ ਕਾਰਨ ਇਹ ਘਟਨਾ ਵਾਪਰੀ ਹੈ। ਇਸ ਦੌਰਾਨ ਬੀਤੀ ਰਾਤ ਬਸੰਤ ਐਵਨਿਊ ਸਥਿਤ ਦੀਪਜੋਤ ਸਿੰਘ ਦੀ ਵੈਨਿਊ ਕਾਰ ਨੂੰ ਵੀ ਅੱਗ ਲੱਗ ਗਈ ਜਿਸ ਨੂੰ ਪਰਿਵਾਰਿਕ ਮੈਂਬਰਾਂ ਨੇ ਲੋਕਾਂ ਦੀ ਮਦਦ ਨਾਲ ਤੁਰੰਤ ਪਾਣੀ ਪਾ ਕੇ ਬੁਝਾ ਦਿੱਤਾ। ਇਸ ਨਾਲ ਗੱਡੀ ਦਾ ਕਾਫੀ ਨੁਕਸਾਨ ਹੋਇਆ।