ਖੇਤਰੀ ਪ੍ਰਤੀਨਿਧ
ਲੁਧਿਆਣਾ, 18 ਅਗਸਤ
ਨਵਚੇਤਨਾ ਬਾਲ ਭਲਾਈ ਕਮੇਟੀ ਵੱਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਤਹਿਤ ਦੋ ਬੱਚੀਆਂ ਦੀ ਸਿੱਖਿਆ ਅਤੇ ਸਿਹਤ ਦੀ ਜ਼ਿੰਮੇਵਾਰੀ ਸੰਭਾਲੀ ਹੈ। ਇਸ ਸਬੰਧੀ ਕਮੇਟੀ ਦੇ ਪ੍ਰਧਾਨ ਸੁਖਧੀਰ ਸਿੰਘ ਸੇਖੋਂ ਅਤੇ ਸਕੱਤਰ ਸੁਰਿੰਦਰ ਸਿਘ ਕੰਗ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਬਾਲ ਅਧਿਕਾਰਾਂ ਅਤੇ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਪ੍ਰਤੀ ਯਤਨਸ਼ੀਲ ਹੈ। ਕਮੇਟੀ ਵੱਲੋਂ ਅੱਜ ਇੱਕ ਅਹਿਮ ਮੀਟਿੰਗ ਦੌਰਾਨ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਤਹਿਤ ਦੋ ਸਰਕਾਰੀ ਸਕੂਲ ਦਾਖਾ ਦੀ ਲਵਲੀਨ ਕੌਰ ਅਤੇ ਸਰਕਾਰੀ ਸਕੂਲ ਬੱਦੋਵਾਲ ਦੀ ਕਰਮਜੀਤ ਕੌਰ ਦੀ ਸਿੱਖਿਆ ਅਤੇ ਸਿਹਤ ਸਹੂਲਤਾਂ ਦੇਣ ਦੀ ਜ਼ਿੰਮੇਵਾਰੀ ਲਈ ਹੈ। ਪ੍ਰਧਾਨ ਸੇਖੋਂ ਅਤੇ ਚੇਅਰਮੈਨ ਪਰਮਜੀਤ ਸਿੰਘ ਪਨੇਸਰ ਨੇ ਦੱਸਿਆ ਕਿ ਇਹ ਬੱਚੀਆਂ ਗਿਆਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਹਨ ਅਤੇ ਪੜ੍ਹਾਈ ਵਿੱਚ ਕਾਫੀ ਹੁਸ਼ਿਆਰ ਹਨ। ਇਨ੍ਹਾਂ ਬੱਚੀਆਂ ਦੇ ਪਿਤਾ ਨਾ ਹੋਣ ਕਰਕੇ ਅਗਲੇਰੀ ਪੜ੍ਹਾਈ ਵਿੱਚ ਕਾਫੀ ਮੁਸ਼ਕਲਾਂ ਆ ਰਹੀਆਂ ਹਨ। ਪਲਵੀ ਗਰਗ ਅਤੇ ਸੇਖੋਂ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਗੋਦ ਲਈਆਂ ਬੱਚੀਆਂ ਨੂੰ ਮਹੀਨੇਵਾਰ ਵਜ਼ੀਫ਼ਾ, ਸਟੇਸ਼ਨਰੀ, ਵਰਦੀਆਂ ਅਤੇ ਹੋਰ ਜ਼ਰੂਰਤ ਦੀਆਂ ਵਸਤਾਂ ਸਮੇਂ-ਸਮੇਂ ’ਤੇ ਮੁਹੱਈਆ ਕਰਵਾਈਆਂ ਜਾਂਦੀਆਂ ਹਨ।