ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 15 ਦਸੰਬਰ
ਪੰਜਾਬ ਦੀ ਕਾਂਗਰਸ ਸਰਕਾਰ ਸੂਬੇ ’ਚ ਵਿਕਾਸ ਕਾਰਜ ਕਰਵਾਉਣ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਪਰ ਮਾਲਵੇ ਤੋਂ ਦੋਆਬੇ ਨੂੰ ਜੋੜਦਾ ਸਤਲੁਜ ਦਰਿਆ ’ਤੇ ਬਣੇ ਪੁਲ ਦੀ ਸਲੈਬ ਡੇਢ ਮਹੀਨੇ ਪਹਿਲਾਂ ਧਸ ਗਈ ਸੀ, ਜਿਸ ਦੀ ਮੁਰੰਮਤ ਅਜੇ ਤੱਕ ਨਾ ਹੋ ਸਕੀ ਅਤੇ ਮੁਕੰਮਲ ਆਵਾਜਾਈ ਠੱਪ ਹੋਣ ਕਾਰਨ ਲੋਕ ਰੋਜ਼ਾਨਾ ਪ੍ਰੇਸ਼ਾਨ ਹੋ ਰਹੇ ਹਨ। ਲੰਘੀ 28 ਨਵੰਬਰ ਨੂੰ ਮਾਛੀਵਾੜਾ ਨੇੜੇ ਸਤਲੁਜ ਪੁਲ ਦੀ ਸਲੈਬ ਧਸਣ ਕਾਰਨ ਪਹਿਲਾਂ ਤਾਂ ਭਾਰੀ ਆਵਾਜਾਈ ਬੰਦ ਕਰ ਦਿੱਤੀ ਗਈ ਅਤੇ ਕੇਵਲ ਕਾਰਾਂ ਹੀ ਲੰਘਦੀਆਂ ਸਨ। ਕੁਝ ਦਿਨ ਪਹਿਲਾਂ ਨਵਾਂਸ਼ਹਿਰ ਦੇ ਵਿਧਾਇਕ ਅੰਗਦ ਸਿੰਘ ਤੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਲੋਕ ਨਿਰਮਾਣ ਵਿਭਾਗ ਨੂੰ ਆਖ ਕੇ ਇਸ ਦੀ ਮੁਰੰਮਤ ਸ਼ੁਰੂ ਕਰਵਾ ਦਿੱਤੀ ਪਰ ਹਾਲਾਤ ਇਹ ਹਨ ਕਿ ਇਸ ਪੁਲ ਦੀ ਸਲੈਬ ਨੂੰ ਤੋੜਨ ਕਾਰਨ ਕਾਰਾਂ ਦੀ ਆਵਾਜਾਈ ਵੀ ਠੱਪ ਹੋ ਗਈ ਹੈ ਅਤੇ ਹੁਣ ਇਸ ਦਾ ਕੰਮ ਬੰਦ ਪਿਆ ਹੈ। ਕਾਂਗਰਸੀ ਵਿਧਾਇਕਾਂ ਨੇ ਦਾਅਵਾ ਕੀਤਾ ਸੀ ਕਿ 30 ਦਸੰਬਰ ਜਾਂ ਜਨਵਰੀ ਦੇ ਪਹਿਲੇ ਹਫ਼ਤੇ ਪੁਲ ਦੀ ਮੁਰੰਮਤ ਦਾ ਕੰਮ ਪੂਰਾ ਹੋ ਜਾਵੇਗਾ ਅਤੇ ਲੋਕਾਂ ਲਈ ਆਵਾਜਾਈ ਖੋਲ੍ਹ ਦਿੱਤੀ ਜਾਵੇਗੀ ਪਰ ਪਿਛਲੇ ਕੁਝ ਦਿਨਾਂ ਤੋਂ ਠੱਪ ਪਏ ਕੰਮ ਕਾਰਨ ਲੋਕ ਸਰਕਾਰਾਂ ਨੂੰ ਕੋਸ ਰਹੇ ਹਨ ਕਿ ਵਿਕਾਸ ਦੇ ਦਾਅਵੇ ਤਾਂ ਵੱਡੇ-ਵੱਡੇ ਕੀਤੇ ਜਾਂਦੇ ਹਨ ਪਰ ਡੇਢ ਮਹੀਨੇ ’ਚ ਸਰਕਾਰ ਤੋਂ ਪੁਲ ਦੀ ਛੋਟੀ ਜਿਹੀ ਸਲੈਬ ਮੁਰੰਮਤ ਨਹੀਂ ਕਰਵਾਈ ਜਾ ਸਕੀ। ਇਸ ਕਾਰਨ ਲੋਕਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ 50 ਤੋਂ 60 ਕਿਲੋਮੀਟਰ ਵਾਧੂ ਦੂਰੀ ਤੈਅ ਕਰਨੀ ਪੈ ਰਹੀ ਹੈ। ਹੋਰ ਤਾਂ ਹੋਰ ਰਾਹੋਂ ਤੋਂ ਲੈ ਕੇ ਖੰਨਾ ਤੱਕ ਆਵਾਜਾਈ ਠੱਪ ਹੋਣ ਕਾਰਨ ਸਾਰੇ ਹੀ ਪੈਟਰੋਲ ਪੰਪ, ਹੋਟਲ ਮਾਲਕ ਅਤੇ ਹੋਰ ਛੋਟੇ ਦੁਕਾਨਦਾਰਾਂ ਦਾ ਕਾਰੋਬਾਰ, ਇਸ ਆਵਾਜਾਈ ਦੇ ਬੰਦ ਹੋਣ ਕਾਰਨ ਪ੍ਰਭਾਵਿਤ ਹੋਇਆ ਹੈ।
ਕੀ ਕਹਿੰਦੇ ਹਨ ਅਧਿਕਾਰੀ
ਇਸ ਸਬੰਧੀ ਨਵਾਂਸ਼ਹਿਰ ਤੋਂ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਰਾਜਿੰਦਰ ਕੁਮਾਰ ਨੇ ਕਿਹਾ ਕਿ ਮੁਰੰਮਤ ਲਈ ਸਲੈਬ ਤੋੜ ਦਿੱਤੀ ਗਈ ਹੈ ਅਤੇ ਡਰਾਇੰਗ ਆਉਣ ’ਤੇ ਹੀ ਨਵੀਂ ਸਲੈਬ ਪਾ ਕੇ ਇਸ ਨੂੰ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ।