ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 2 ਅਗਸਤ
ਬਹੁਮਤ ਸਾਬਤ ਕਰਨ ਵਿੱਚ ਨਾਕਾਮ ਰਹੀ ਮਾਛੀਵਾੜਾ ਬਲਾਕ ਸਮਿਤੀ ਦੀ ਚੇਅਰਪਰਸਨ ਸਿਮਰਨਜੀਤ ਕੌਰ ਨੂੰ ਅੱਜ ਅਹੁਦੇ ਤੋਂ ਲਾਹ ਦਿੱਤਾ ਗਿਆ। ਲੰਘੀ 15 ਜੁਲਾਈ ਨੂੰ ਮੀਟਿੰਗ ਦੌਰਾਨ ਕਾਂਗਰਸ ਸਮਰਥਕ ਬਲਾਕ ਸਮਿਤੀ ਮੈਂਬਰਾਂ ਵਲੋਂ ਚੇਅਰਪਰਸਨ ਖਿਲਾਫ਼ ਬੇਭਰੋਸਗੀ ਮਤਾ ਲਿਆਂਦਾ ਗਿਆ ਸੀ ਅਤੇ ਉਸ ਨੂੰ ਬਹੁਮਤ ਸਾਬਤ ਕਰਨ ਲਈ 15 ਦਿਨਾਂ ਦਾ ਸਮਾਂ ਦਿੱਤਾ ਗਿਆ ਸੀ। ਅੱਜ ਬਲਾਕ ਸਮਿਤੀ ਦੀ ਮੀਟਿੰਗ ਵਿੱਚ ਉਹ ਆਪਣਾ ਬਹੁਮਤ ਸਾਬਤ ਕਰਨ ਵਿੱਚ ਅਸਫਲ ਰਹੀ। ਸਥਾਨਕ ਬਲਾਕ ਪੰਚਾਇਤ ਦਫ਼ਤਰ ਵਿੱਚ ਸਮਰਾਲਾ ਦੇ ਐੱਸਡੀਐੱਮ ਕੁਲਦੀਪ ਬਾਵਾ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਬਲਾਕ ਸਮਿਤੀ ਦੇ ਕੁੱਲ 16 ਮੈਂਬਰਾਂ ਵਿੱਚੋਂ 14 ਮੈਂਬਰ ਹੀ ਹਾਜ਼ਰ ਹੋਏ ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਦੋ ਮੈਂਬਰ ਗ਼ੈਰਹਾਜ਼ਰ ਰਹੇ। ਕੁੱਲ 14 ਮੈਂਬਰਾਂ ਵਿੱਚੋਂ ਕਾਂਗਰਸ ਦੇ 11 ਮੈਂਬਰਾਂ ਹੁਸਨ ਲਾਲ ਮੜਕਨ, ਸੋਮਨਾਥ, ਰਮੇਸ਼ ਖੁੱਲਰ, ਅਮਰਨਦੀਪ ਸਿੰਘ ਰਾਣਵਾਂ, ਦਲਬਾਰਾ ਸਿੰਘ ਸਿਹਾਲਾ, ਗਿਆਨ ਕੌਰ, ਕੁਲਵੰਤ ਕੌਰ, ਸਿਮਰਨਦੀਪ ਕੌਰ, ਦਲਜੀਤ ਕੌਰ, ਗੁਰਪ੍ਰੀਤ ਕੌਰ, ਕੁਲਦੀਪ ਕੌਰ ਨੇ ਚੇਅਰਪਰਸਨ ਖ਼ਿਲਾਫ਼ ਵਿਰੋਧ ਦਰਜ ਕਰਵਾਇਆ। ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦ ਮੈਂਬਰ ਦਰਬਾਰਾ ਸਿੰਘ ਨੇ ਵੀ ਉਨ੍ਹਾਂ ਦਾ ਸਮਰਥਨ ਕੀਤਾ। ਇਸ ਮਗਰੋਂ ਐੱਸਡੀਐੱਮ ਨੇ ਵਿਭਾਗ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਬਹੁਮਤ ਸਾਬਤ ਕਰਨ ਵਿੱਚ ਅਸਫਲ ਰਹਿਣ ’ਤੇ ਚੇਅਰਪਰਸਨ ਸਿਮਰਨਜੀਤ ਕੌਰ ਨੂੰ ਅਹੁਦੇ ਤੋਂ ਹਟਾ ਦਿੱਤਾ। ਇਲਾਕੇ ਦੇ ਕਾਂਗਰਸੀ ਆਗੂਆਂ ਦੀ ਮੌਜੂਦਗੀ ਅਤੇ ਪੁਲੀਸ ਪ੍ਰਸ਼ਾਸਨ ਦੀ ਦੇਖਰੇਖ ਹੇਠ ਮੀਟਿੰਗ ਵਿੱਚ ਐੱਸਡੀਐੱਮ, ਬੀਡੀਪੀਓ, ਨਾਇਬ ਤਹਿਸੀਲਦਾਰ ਤੋਂ ਇਲਾਵਾ ਹੋਰ ਕਿਸੇ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਗਿਆ। ਐੱਸਡੀਐੱਮ ਸਮਰਾਲਾ ਕੁਲਦੀਪ ਬਾਵਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ 15 ਦਿਨ ਪਹਿਲਾਂ 11 ਮੈਂਬਰਾਂ ਨੇ ਬੇਭਰੋਸਗੀ ਮਤਾ ਪੇਸ਼ ਕੀਤਾ ਸੀ, ਜਿਸ ਵਿੱਚ 11 ਮੈਂਬਰ ਮੁੜ ਚੇਅਰਪਰਸਨ ਦੇ ਵਿਰੋਧ ਵਿੱਚ ਡਟੇ ਰਹੇ।
ਕਾਂਗਰਸ ਹਾਈਕਮਾਂਡ ਨੂੰ ਗੁੰਮਰਾਹ ਕੀਤਾ ਗਿਆ: ਸਿਮਰਨਜੀਤ ਕੌਰ
ਬਲਾਕ ਸਮਿਤੀ ਚੇਅਰਪਰਸਨ ਦੇ ਅਹੁਦੇ ਤੋਂ ਲਾਹੀ ਸਿਮਰਨਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਹਮੇਸ਼ਾ ਕਾਂਗਰਸ ਦਾ ਡੱਟ ਕੇ ਸਾਥ ਦਿੱਤਾ ਹੈ, ਪਰ ਹਾਈਕਮਾਂਡ ਨੇ ਕੁਝ ਕੁ ਵਿਅਕਤੀਆਂ ਦੀ ਗੱਲਾਂ ਵਿਚ ਆ ਕੇ ਉਸ ਖਿਲਾਫ਼ ਬੇਭਰੋਸਗੀ ਮਤਾ ਪਵਾ ਦਿੱਤਾ। ਜ਼ਿਕਰਯੋਗ ਹੈ ਕਿ ਸਿਮਰਨਜੀਤ ਕੌਰ ਨੇ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਰੁਪਿੰਦਰ ਸਿੰਘ ਰਾਜਾ ਗਿੱਲ ਦੇ ਵਿਰੁੱਧ ਖੜ੍ਹੇ ਆਜ਼ਾਦ ਉਮੀਦਵਾਰ ਅਮਰੀਕ ਸਿੰਘ ਢਿੱਲੋਂ ਦਾ ਸਾਥ ਦਿੱਤਾ ਸੀ।
ਸਿਮਰਨਜੀਤ ਦੇ ਵਿਵਹਾਰ ਤੋਂ ਨਾਖੁਸ਼ ਸਨ ਕਾਂਗਰਸੀ ਮੈਂਬਰ: ਤਿਵਾੜੀ
ਮਾਛੀਵਾੜਾ ਬਲਾਕ ਕਾਂਗਰਸ ਦੇ ਪ੍ਰਧਾਨ ਪਰਮਿੰਦਰ ਤਿਵਾੜੀ ਨੇ ਦੱਸਿਆ ਕਿ ਬਲਾਕ ਸਮਿਤੀ ਮੈਂਬਰਾਂ ਨੇ ਪਾਰਟੀ ਦੇ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਤੋਂ ਮੰਗ ਕੀਤੀ ਸੀ ਕਿ ਸਿਮਰਨਜੀਤ ਕੌਰ ਨੇ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਦੀ ਹਮਾਇਤ ਕਰਨ ਦੀ ਬਜਾਏ ਆਜ਼ਾਦ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਅਤੇ ਉਹ ਹੁਣ ਭਾਜਪਾ ਵਿੱਚ ਸ਼ਾਮਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ 12 ਬਲਾਕ ਸਮਿਤੀ ਮੈਂਬਰਾਂ ਨੇ ਚੇਅਰਮੈਨ ਦੇ ਵਿਵਹਾਰ ਤੋਂ ਨਾਖੁਸ਼ ਹੋ ਕੇ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਬੇਭਰੋਸਗੀ ਦਾ ਮਤਾ ਪਾਉਣ ਸਬੰਧੀ ਪੱਤਰ ਲਿਖਿਆ ਸੀ। ਇਸ ਤਹਿਤ ਅੱਜ ਸਿਮਰਨਜੀਤ ਕੌਰ ਖ਼ਿਲਾਫ਼ ਕਾਰਵਾਈ ਕੀਤੀ ਗਈ।