ਜੋਗਿੰਦਰ ਸਿੰਘ ਓਬਰਾਏ
ਖੰਨਾ, 2 ਸਤੰਬਰ
ਸੀਵਰੇਜ ਬੋਰਡ ਵੱਲੋਂ ਅਕਾਲੀ ਦਲ ਦੀ ਕੌਂਸਲਰ ਦੇ ਵਾਰਡ ਨੰਬਰ-5 ਵਿੱਚੋਂ ਵਾਟਰ ਸਪਲਾਈ ਦੀਆਂ ਪਾਈਪਾਂ ਪੁੱਟ ਦਿੱਤੀਆਂ ਗਈਆਂ। ਰਾਤ ਦੇ ਹਨੇਰੇ ਵਿਚ ਪੁੱਟੀਆਂ ਗਈਆਂ ਪਾਈਪਾਂ ਰੌਲਾ ਪੈਣ ’ਤੇ ਜਾਂਚ ਪਿੱਛੋਂ ਗੁਦਾਮ ਰੋਡ ’ਤੇ ਕਾਂਗਰਸੀ ਕੌਂਸਲਰ ਅਮਰੀਸ਼ ਕਾਲੀਆਂ ਦੇ ਵਾਰਡ ਨੰਬਰ-4 ਵਿੱਚੋਂ ਬਰਾਮਦ ਹੋਈਆਂ। ਮਾਮਲੇ ਦਾ ਪਤਾ ਲੱਗਣ ’ਤੇ ਅਕਾਲੀ ਦਲ ਵਰਕਿੰਗ ਕਮੇਟੀ ਮੈਂਬਰ ਯਾਦਵਿੰਦਰ ਸਿੰਘ ਯਾਦੂ ਨੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਮੌਕੇ ਤੇ ਬੁਲਾਇਆ ਅਤੇ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ। ਯਾਦੂ ਨੇ ਦੋਸ਼ ਲਾਇਆ ਕਿ ਬੋਰਡ ਤੇ ਠੇਕੇਦਾਰ ਵੱਲੋਂ ਕਾਂਗਰਸੀ ਕੌਂਸਲਰ ਦੇ ਵਾਰਡ ਵਿਚ ਪਾਈਪਾਂ ਪਾਉਣ ਲਈ ਅਜਿਹਾ ਕੰਮ ਕੀਤਾ ਗਿਆ ਹੈ। ਐੱਸਡੀਓ ਗੁਰਤੇਜ ਸਿੰਘ ਨੇ ਇਸ ਨੂੰ ਚੋਰੀ ਦਾ ਮਾਮਲਾ ਦੱਸਿਆ, ਜਿਸ ਦੀ ਸ਼ਿਕਾਇਤ ਥਾਣਾ ਸਿਟੀ-1 ਵਿਚ ਦਿੱਤੀ ਗਈ ਤਾਂ ਥਾਣੇ ਵਿਚ ਸ਼ਿਕਾਇਤ ਲੈਣ ਤੋਂ ਮਨ੍ਹਾਂ ਕਰ ਦਿੱਤਾ ਗਿਆ। ਯਾਦੂ ਨੇ ਕਿਹਾ ਕਿ ਵਾਰਡ-5 ਦੀ ਅਕਾਲੀ ਕੌਂਸਲਰ ਰੀਟਾ ਰਾਣੀ ਤੋਂ ਪਤਾ ਲੱਗਾ ਕਿ ਵਾਰਡ ਵਿੱਚੋਂ ਪਾਈਪਾਂ ਪੁੱਟੀਆਂ ਗਈਆਂ, ਇਸ ਕੰਮ ਦੀ ਅਦਾਇਗੀ ਵੀ ਹੋ ਗਈ ਸੀ, ਪਰ ਰਾਤ ਨੂੰ ਪਾਈਪਾਂ ਪੁੱਟਣ ਤੋਂ ਸਪੱਸ਼ਟ ਹੁੰਦਾ ਹੈ ਕਿ ਕਾਂਗਰਸ ਵੱਲੋਂ ਸ਼ਹਿਰ ’ਚ ਵਿਕਾਸ ਕੰਮਾਂ ਦੇ ਨਾਂ ’ਤੇ ਵੱਡੀ ਧਾਂਦਲੀ ਕੀਤੀ ਜਾ ਰਹੀ ਹੈ। ਮੌਕੇ ਤੇ ਪੁੱਜੇ ਐੱਸਡੀਓ ਗੁਰਤੇਜ ਨੇ ਕਿਹਾ ਕਿ ਜਾਂਚ ਕਰਨ ਦਾ ਭਰੋਸਾ ਦਿੱਤਾ।
ਕਾਂਗਰਸ ਕੌਂਸਲਰ ਨੇ ਮਾਮਲੇ ਪ੍ਰਤੀ ਅਣਜਾਣਤਾ ਪ੍ਰਗਟਾਈ
ਇਸ ਸਬੰਧੀ ਕਾਂਗਰਸੀ ਕੌਂਸਲਰ ਅਮਰੀਸ਼ ਕਾਲੀਆ ਨੇ ਕਿਹਾ ਕਿ ਇਹ ਮਾਮਲਾ ਅਜੇ ਉਨ੍ਹਾਂ ਦੇ ਧਿਆਨ ਵਿਚ ਨਹੀਂ ਹੈ। ਇਸ ਦੀ ਜਾਂਚ ਕੀਤੀ ਜਾਵੇਗੀ ਕਿ ਆਖ਼ਰ ਕਿਸ ਨੇ ਅਜਿਹਾ ਕੀਤਾ ਹੈ।