ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 16 ਸਤੰਬਰ
ਅਨੁਸੂਚਿਤ ਜਾਤੀ ਨਾਲ ਸਬੰਧ ਪਰਿਵਾਰ ਦੀ ਕੁਲਵੰਤ ਕੌਰ ਰਸੂਲਪੁਰ ਲਈ ਇਨਸਾਫ਼ ਲੈਣ ਦੀ ਲੜਾਈ ਜਾਰੀ ਹੈ ਜਿਸ ਤਹਿਤ ਇਥੇ ਥਾਣਾ ਸਿਟੀ ਅੱਗੇ ਲੱਗਿਆ ਪੱਕਾ ਮੋਰਚਾ ਅੱਜ 175ਵੇਂ ਵੀ ਜਾਰੀ ਰਿਹਾ। ਕਿਰਤੀ ਕਿਸਾਨ ਯੂਨੀਅਨ ਤੇ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਵੱਖ-ਵੱਖ ਜਨਤਕ ਜਥੇਬੰਦੀਆਂ ਨੇ ਧਰਨੇ ਨੂੰ ਸੰਬੋਧਨ ਕੀਤਾ। ਦੂਜੇ ਪਾਸੇ ਪੰਜਾਬ ਰਾਜ ਸੂਚਨਾ ਕਮਿਸ਼ਨ ਨੇ ਮੁੱਦਈ ਮੁਕੱਦਮਾ ਇਕਬਾਲ ਸਿੰਘ ਰਸੂਲਪੁਰ ਦੀ ਪਟੀਸ਼ਨ ’ਤੇ ਕਾਰਵਾਈ ਕਰਦਿਆਂ ਡਾਇਰੈਕਟਰ ਜਨਰਲ ਪੁਲੀਸ ਤੋਂ ਏਡੀਜੀਪੀ/ਇੰਟੈਲੀਜੈਂਸ ਵੱਲੋਂ ਲਿਖੇ ਪੱਤਰ ’ਤੇ ਕੀਤੀ ਕਾਰਵਾਈ ਦੀ ਸੂਚਨਾ ਮੰਗੀ ਹੈ। ਰਾਜ ਸੂਚਨਾ ਕਮਿਸ਼ਨਰ ਦੀ ਅਦਾਲਤ ’ਚ ਸੁਣਵਾਈ ਸਬੰਧੀ ਪਟੀਸ਼ਨਰ ਇਕਬਾਲ ਸਿੰਘ ਰਸੂਲਪੁਰ ਤੇ ਧਰਨਾਕਾਰੀ ਆਗੂਆਂ ਨੇ ਦੱਸਿਆ ਕਿ ਸਾਲ 2005 ’ਚ ਤਤਕਾਲੀ ਥਾਣਾ ਮੁਖੀ ਨੇ ਅਨੁਸੂਚਿਤ ਜਾਤੀ ਪਰਿਵਾਰ ਨੂੰ ਕਥਿਤ ਨਾਜਾਇਜ਼ ਹਿਰਾਸਤ ’ਚ ਰੱਖ ਕੇ ‘ਤਸ਼ੱਦਦ’ ਕੀਤਾ ਸੀ। ਫਿਰ ਇਸ ਨੂੰ ਛੁਪਾਉਣ ਲਈ ਪਰਿਵਾਰ ਨੂੰ ਕਥਿਤ ਝੂਠੇ ਕੇਸ ’ਚ ਫਸਾ ਕੇ ਜੇਲ੍ਹ ਭੇਜ ਦਿੱਤਾ। ਉਨ੍ਹਾਂ ਦੱਸਿਆ ਕਿ 16 ਸਾਲ ਨਕਾਰਾ ਹੋ ਕੇ ਮੰਜੇ ’ਤੇ ਪਏ ਰਹਿਣ ਮਗਰੋਂ ਕੁਲਵੰਤ ਕੌਰ ਦੀ ਦਸੰਬਰ 2021 ਵਿੱਚ ਮੌਤ ਹੋ ਗਈ ਜਿਸ ਮਗਰੋਂ ਡੀਐੱਸਪੀ ਸਮੇਤ ਚਾਰ ਜਣਿਆਂ ਖ਼ਿਲਾਫ਼ ਪੁਲੀਸ ਨੇ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ। ਉਦੋਂ ਤੋਂ ਲੈ ਕੇ ਹੁਣ ਤੱਕ ਅੱਠ ਮਹੀਨੇ ਬੀਤ ਜਾਣ ਉਪਰੰਤ ਵੀ ਮੁਲਜ਼ਮਾਂ ਦੀਆਂ ਗ੍ਰਿਫ਼ਤਾਰੀ਼ਆਂ ਨਹੀਂ ਹੋਈਆਂ ਜਿਸ ਦੇ ਰੋਸ ਵਜੋਂ ਕਰਕੇ ਇਹ ਸੰਘਰਸ਼ ਚੱਲ ਰਿਹਾ ਹੈ। ਇਕਬਾਲ ਰਸੂਲਪੁਰ ਅਨੁਸਾਰ ਏਡੀਜੀਪੀ/ ਇੰਟੈਲੀਜੈਂਸ ਪੰਜਾਬ ਨੇ ਇਹ ਰਿਪੋਰਟ ਅਗਲੇਰੀ ਕਾਰਵਾਈ ਲਈ ਏਡੀਜੀਪੀ/ ਇੰਟਰਨਲ ਵਿਜੀਲੈਂਸ ਸੈੱਲ ਪੰਜਾਬ ਨੂੰ ਭੇਜ ਦਿੱਤੀ ਸੀ ਪਰ ਹਾਲੇ ਤੱਕ ਕਿਸੇ ਪੁਲੀਸ ਅਧਿਕਾਰੀ ਨੇ ਇਸ ਰਿਪੋਰਟ ’ਤੇ ਕੋਈ ਅੰਤਿਮ ਫ਼ੈਸਲਾ ਨਹੀਂ ਲਿਆ। ਆਗੂਆਂ ਨੇ ਕਿਹਾ ਕਿ ਪੀੜਤ ਪਰਿਵਾਰ ਤੇ ਧਰਨਾਕਾਰੀ ਪੰਜ ਮਹੀਨੇ ਤੋਂ ਸੜਕ ’ਤੇ ਹਨ ਪਰ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ।