ਪੱਤਰ ਪ੍ਰੇਰਕ
ਜਗਰਾਉਂ, 12 ਜਨਵਰੀ
ਵਿਧਾਨ ਸਭਾ ਹਲਕਾ ਜਗਰਾਉਂ ਨੂੰ ਹਰਿਆ-ਭਰਿਆ ਬਣਾਉਣ ਲਈ ਵੱਖ-ਵੱਖ ਸੰਸਥਾਵਾਂ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੋਇਆ ਹੈ, ਦੂਸਰੇ ਪਾਸੇ ਕੁੱਝ ਲੋਕ ਆਪਣੇ ਕੁੱਝ ਤੁੱਛ ਸਵਾਰਥਾਂ ਲਈ ਪੂਰੇ ਪਲ੍ਹੇ ਹੋਏ ਜਾਨਵਰਾਂ ਦੇ ਰੈਣ-ਵਸੇਰੇ ਅਤੇ ਵਾਤਾਵਰਨ ਦੀ ਸ਼ੁੱਧਤਾ ਲਈ ਵੱਡਾ ਯੋਗਦਾਨ ਪਾ ਰਹੇ ਦਰੱਖ਼ਤਾਂ ਦੀ ਕਟਾਈ ਕਰ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਇੱਥੇ ਦੀ ਪਾਸ਼ ਕਲੋਨੀ ਵਜੋਂ ਜਾਣੀ ਜਾਂਦੀ ‘ਗਰੇਵਾਲ ਕਲੋਨੀ’ ਚ ਵਾਪਰੀ। ਵੱਡੀ ਗਿਣਤੀ ’ਚ ਕੱਟੇ ਅਤੇ ਪੁੱਟੇ ਗਏ ਦਰੱਖ਼ਤਾਂ ਦਾ ਮਾਮਲਾ ਇਸ ਇਲਾਕੇ ਦੇ ਸਮਾਜ ਸੇਵੀਆਂ ਨੇ ਪੁਲੀਸ ਥਾਣਾ ਸ਼ਹਿਰੀ ਅਤੇ ਨਗਰ ਕੌਂਸਲ ਦੇ ਧਿਆਨ ’ਚ ਲਿਆਂਦਾ। ਮਾਮਲੇ ਦੀ ਪੜਤਾਲ ਕਰ ਰਹੇ ਥਾਣਾ ਸ਼ਹਿਰੀ ਦੇ ਮੁੱਖੀ ਨਿਧਾਨ ਸਿੰਘ ਨੇ ਆਖਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ’ਚ ਹੈ ਸਪੱਸ਼ਟ ਹੋਣ ਤੇ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।