ਦੇਵਿੰਦਰ ਸਿੰਘ ਜੱਗੀ
ਪਾਇਲ, 24 ਜੁਲਾਈ
ਕੌਮੀ ਰਾਜਧਾਨੀ ਵਿੱਚ ਚੱਲ ਰਹੀ ਕਿਸਾਨ ਸੰਸਦ ਵਿੱਚ ਸ਼ਾਮਲ ਹੋਣ ਲਈ ਵੱਖ-ਵੱਖ ਥਾਵਾਂ ਤੋਂ ਕਿਸਾਨਾਂ ਦੇ ਕਾਫ਼ਲੇ ਦਿੱਲੀ ਲਈ ਵਹੀਰਾਂ ਘੱਤ ਰਹੇ ਹਨ। ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਦੱਸਿਆ ਕਿ ਪਿੰਡ ਘੁਡਾਣੀ ਕਲਾਂ ਤੋਂ ਅੱਜ ਇੱਕ ਜਥਾ ਦਿੱਲੀ ਲਈ ਰਵਾਨਾ ਹੋਇਆ ਹੈ ਅਤੇ ਝੋਨੇ ਦਾ ਸੀਜ਼ਨ ਸਮਾਪਤ ਹੋਣ ਪਿੱਛੋਂ ਕਿਸਾਨਾਂ ਦੇ ਵੱਡੇ ਕਾਫ਼ਲੇ ਹੁਣ ਦਿੱਲੀ ਵੱਲ ਨੂੰ ਵਹੀਰਾ ਘੱਤ ਰਹੇ ਹਨ। ਘੁਡਾਣੀ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਪੂਰੇ ਜੋਸ਼ੋ-ਖਰੋਸ ਨਾਲ ਜਿੱਥੇ ਪੰਜਾਬ ਵਿੱਚ ਆਪਣਾ ਸੰਘਰਸ਼ ਜਾਰੀ ਰੱਖ ਰਹੇ ਹਨ, ਉੱਥੇ ਦਿੱਲੀ ਦੇ ਵਾਰਡਰਾਂ ਤੇ ਵੀ ਵੱਡੀ ਗਿਣਤੀ ਵਿੱਚ ਪਹੁੰਚ ਕੇ ਕਿਸਾਨ ਸੰਸਦ ਕੂਚ ਕਰ ਰਹੇ ਹਨ। 26 ਜੁਲਾਈ ਨੂੰ ਵੱਡੀ ਗਿਣਤੀ ਵਿਚ ਔਰਤ ਬੀਬੀਆਂ ਦਾ ਜਥਾ ਵੀ ਰਵਾਨਾ ਹੋਵੇਗਾ। ਇਸ ਸਬੰਧੀ ਤਿਆਰੀਆਂ ਲਈ ਪਿੰਡਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਮੀਟਿੰਗਾਂ ਅਤੇ ਨਾਟਕ ਕਰਵਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਵੋਟਾਂ ਵਾਲੀਆਂ ਪਾਰਟੀਆਂ ਕਿਸਾਨ ਸ਼ੰਘਰਸ ਨੂੰ ਆਪਣੇ ਹਿੱਤਾਂ ਦੇ ਲਈ ਵਰਤਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ ਹਨ ਜੋ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੂਰੇ ਜ਼ੋਰ ਨਾਲ ਵਿਰੋਧ ਕੀਤਾ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਕਿਸਾਨ-ਮਜ਼ਦੂਰ ਲਾਮਬੰਦੀ ਮੁਹਿੰਮ ਤਹਿਤ ਅੱਜ ਦੋਰਾਹਾ ਬਲਾਕ ਦੇ ਪਿੰਡਾਂ ਕਟਾਹਰੀ, ਘਣਗਸ਼ ਅਤੇ ਬਿਲਾਸਪੁਰ ਵਿੱਚ ਮੀਟਿੰਗਾਂ ਨਾਟਕਾਂ ਦਾ ਸਿਲਸਿਲਾ ਜਾਰੀ ਰੱਖਿਆ ਗਿਆ । ਪੀਪਲਜ਼ ਆਰਟ ਪਟਿਆਲਾ ਦੀ ਟੀਮ ਨੇ ਸਤਪਾਲ ਬੰਗਾ ਦੀ ਨਿਰਦੇਸ਼ਨਾ ਹੇਠ ‘ਜਿਨ੍ਹਾਂ ਦੀ ਅਣਖ ਜਿਊਂਦੀ ਹੈ’ ਖੇਡਿਆ ਗਿਆ, ਨਾਟਕ ਨੇ ਲੋਕਾਂ ਦੇ ਵਲਵਲਿਆਂ ਨੂੰ ਝੰਜੋੜ ਕੇ ਰੱਖ ਦਿੱਤਾ, ਕਾਲੇ ਖੇਤੀ ਕਾਨੂੰਨਾਂ ਦੇ ਪੈਣ ਵਾਲੇ ਪ੍ਰਭਾਵਾਂ ਨੂੰ ਦਰਸਾਉਂਦੇ ਨਾਟਕ ਨੇ ਲੋਕਾਂ ਨੂੰ ਜਥੇਬੰਦ ਹੋਣ ਦਾ ਹੋਕਾ ਦਿੱਤਾ। ਕਿਸਾਨ ਆਗੂ ਪਰਮਵੀਰ ਸਿੰਘ ਘਲੋਟੀ, ਬਲਵੰਤ ਸਿੰਘ ਘੁਡਾਣੀ, ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਸੰਬੋਧਨ ਕਰਦਿਆਂ ਕਿਸਾਨਾਂ ਮਜ਼ਦੂਰਾਂ ਔਰਤਾਂ ਦੀ ਸਾਂਝ ਦੇ ਮਹੱਤਵ ਨੂੰ ਬਿਆਨਦੇ ਹੋਏ ਇਕਜੁੱਟ ਹੋ ਕੇ ਆਪਣੇ ਹੱਕ ਲੈਣ ਲਈ ਲੜਾਈ ਦਾ ਮੈਦਾਨ ਭਖਾਉਣ ਅਤੇ ਸਿਆਸੀ ਪਾਰਟੀਆਂ ਤੋਂ ਸੁਚੇਤ ਰਹਿਣ ਦਾ ਸੱਦਾ ਦਿੱਤਾ। ਉਨ੍ਹਾਂ 9, 10, 11 ਅਗਸਤ ਪਟਿਆਲਾ ਵਿਚ ਮਜ਼ਦੂਰ ਜਥੇਬੰਦੀਆਂ ਵਲੋਂ ਲਾਏ ਜਾ ਰਹੇ ਮੋਰਚੇ ਵਿੱਚ ਵੱਡੀ ਗਿਣਤੀ ਵਿੱਚ ਪਹੁੰਚਣ ਦਾ ਸੱਦਾ ਦਿੱਤਾ।