ਖੇਤਰੀ ਪ੍ਰਤੀਨਿਧ
ਲੁਧਿਆਣਾ, 11 ਅਪਰੈਲ
ਪ੍ਰਾਈਵੇਟ ਸਕੂਲਾਂ ਦੀ ਜੱਥੇਬੰਦੀ ਵੱਲੋਂ ਗੁਰਦਾਸਪੁਰ ਦੇ ਇੱਕ ਸਕੂਲ ਦੇ ਐੱਮਡੀ ਉਪਰ ਪੁਲੀਸ ਪਰਚਾ ਦਰਜ ਕਰਕੇ ਗ੍ਰਿਫਤਾਰ ਕਰਨ ਦੇ ਵਿਰੋਧ ਵਿੱਚ ਅੱਜ ਪੰਜਾਬ ਭਰ ਦੇ ਪ੍ਰਾਈਵੇਟ ਸਕੂਲਾਂ ਨੂੰ ਬੰਦ ਰੱਖਣ ਦੇ ਦਿੱਤੇ ਸੱਦੇ ਨੂੰ ਮੱਠਾ ਹੁੰਗਾਰਾ ਮਿਲਿਆ। ਦੂਜੇ ਪਾਸੇ ਗੌਰਮਿੰਟ ਟੀਚਰ ਯੂਨੀਅਨ ਨੇ ਸ਼ੱਕ ਪ੍ਰਗਟਾਇਆ ਕਿ ਪ੍ਰਾਈਵੇਟ ਸਕੂਲਾਂ ਦੀਆਂ ਇਹ ਜੱਥੇਬੰਦੀਆਂ ਅਸਿੱਧੇ ਰੂਪ ਵਿੱਚ ਆਪਣੀ ਤਾਕਤ ਦਿਖਾਉਣ ਦੀ ਕੋਸ਼ਿਸ਼ ਵਿੱਚ ਸਨ। ਗੁਰਦਾਸਪੁਰ ਸਕੂਨ ਦੀ ਘਟਨਾ ਦੇ ਵਿਰੋਧ ਵਿੱਚ ਪ੍ਰਾਈਵੇਟ ਸਕੂਲਾਂ ਦੀ ਜੱਥੇਬੰਦੀ ਵੱਲੋਂ ਸੋਮਵਾਰ ਨੂੰ ਪੰਜਾਬ ਭਰ ਦੇ ਪ੍ਰਾਈਵੇਟ ਸਕੂਲ ਬੰਦ ਰੱਖਣ ਦਾ ਸੱਦਾ ਦਿੱਤਾ ਸੀ ਪਰ ਹੈਰਾਨੀ ਇਸ ਗੱਲ ਦੀ ਹੋਈ ਕਿ ਇਸ ਸੱਦੇ ਦੇ ਬਾਵਜੂਦ ਸ਼ਹਿਰ ਦੇ ਬਹੁਤੇ ਸਕੂਲ ਆਮ ਦਿਨਾਂ ਦੀ ਤਰ੍ਹਾਂ ਖੁੱਲ੍ਹੇ ਰਹੇ। ਇਸ ਦੌਰਾਨ ਭਾਵੇਂ ਕੁੱਝ ਵੱਡੇ ਧਨਾਢਾਂ ਦੇ ਸਕੂਲ ਬੰਦ ਰਹੇ ਪਰ ਸ਼ਹਿਰ ਦੇ ਦੂਰ-ਦੁਰਾਡੇ ਇਲਾਕਿਆਂ ਵਿੱਚ ਪੈਂਦੇ 90 ਫ਼ੀਸਦ ਤੋਂ ਵੱਧ ਸਕੂਲਾਂ ਵਿੱਚ ਆਮ ਦਿਨਾਂ ਦੀ ਤਰ੍ਹਾਂ ਪੜ੍ਹਾਈ ਹੋਈ ਅਤੇ ਦਾਖਲੇ ਹੁੰਦੇ ਰਹੇ। ਕਈ ਪ੍ਰਾਈਵੇਟ ਸਕੂਲਾਂ ਦੀਆਂ ਜੱਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਗੱਲ ਕਰਨੀ ਚਾਹੀ ਤਾਂ ਉਹ ਇਸ ਸਬੰਧੀ ਕੋਈ ਜਵਾਬ ਦੇਣ ਤੋਂ ਭੱਜਦੇ ਹੀ ਨਜ਼ਰ ਆਏ ।ਉਨ੍ਹਾਂ ਦਾ ਇੰਨਾ ਜ਼ਰੂਰ ਕਹਿਣਾ ਸੀ ਕਿ ਪੁਲੀਸ ਨੂੰ ਐੱਮਡੀ ’ਤੇ ਪਰਚਾ ਦਰਜ ਕਰਨ ਦੀ ਥਾਂ ਅਸਲੀ ਮੁਲਜ਼ਮ ਨੂੰ ਕਾਬੂ ਕਰਨਾ ਚਾਹੀਦਾ ਹੈ। ਦੂਜੇ ਪਾਸੇ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਮਾਨ ਅਤੇ ਡੀਟੀਐੱਫ ਆਗੂ ਰੁਪਿੰਦਰਪਾਲ ਸਿੰਘ ਗਿੱਲ ਨੇ ਕਿਹਾ ਕਿ ਅਜਿਹੇ ਸਕੂਲ ਬੰਦ ਦੇ ਸੱਦੇ ਸਿੱਧੇ ਤੌਰ ’ਤੇ ਪੁਲੀਸ ਦੀ ਕਾਰਵਾਈ ਵਿੱਚ ਦਖਲਅੰਦਾਜ਼ੀ ਹੈ। ਉਨ੍ਹਾਂ ਕਿਹਾ ਕਿ ਅੱਜ ਸਕੂਲ ਬੰਦ ਰੱਖਣ ਦਾ ਸੱਦਾ ਕਥਿਤ ਤੌਰ ’ਤੇ ਜੱਥੇਬੰਦੀਆਂ ਵੱਲੋਂ ਆਪਣੀ ਤਾਕਤ ਦਿਖਾ ਕਿ ਸਰਕਾਰ ’ਤੇ ਦਬਾਅ ਬਨਾਉਣਾ ਸੀ ਤਾਂ ਕਿ ਸਰਕਾਰ ਭਵਿੱਖ ’ਚ ਇਨ੍ਹਾਂ ਵਿਰੁੱਧ ਕੋਈ ਸਖਤ ਫੈਸਲਾ ਨਾ ਲੈ ਸਕੇ।
ਮਾਲੇਰਕੋਟਲਾ ਅਤੇ ਅਹਿਮਦਗੜ੍ਹ ਵਿੱਚ ਮੁਕੰਮਲ ਬੰਦ
ਮੰਡੀ ਅਹਿਮਦਗੜ੍ਹ (ਮਹੇਸ਼ ਸ਼ਰਮਾ): ਸਥਾਨਕ ਸ਼ਹਿਰ ਤੋਂ ਇਲਾਵਾ ਮਾਲੇਰਕੋਟਲਾ ਤੇ ਲੁਧਿਆਣਾ ਜ਼ਿਲ੍ਹਿਆਂ ਅੰਦਰ ਪੈਂਦੀਆਂ ਸਾਰੀਆਂ ਪ੍ਰਾਈਵੇਟ ਵਿਦਿਅਕ ਸੰਸਥਾਵਾਂ ਵੱਲੋਂ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ ਪੰਜਾਬ ਵੱਲੋਂ ਦਿੱਤੇ ਸੱਦੇ ਨੂੰ ਹੁੰਗਾਰਾ ਦਿੰਦਿਆਂ ਅੱਜ ਮੁਕੰਮਲ ਬੰਦ ਰੱਖਿਆ ਗਿਆ।ਪਿਛਲੇ ਦਿਨੀਂ ਗੁਰਦਾਸਪੁਰ ਖੇਤਰ ਦੇ ਇੱਕ ਨਿੱਜੀ ਸਕੂਲ ਦੀ ਨਬਾਲਗ ਬੱਚੀ ਨਾਲ ਹੋਈ ਅਣਮਨੁੱਖੀ ਘਟਨਾ ’ਤੇ ਅਫਸੋਸ ਪ੍ਰਗਟ ਕਰਦਿਆਂ ਸਬੰਧਤ ਸਕੂਲਾਂ ਦੇ ਪ੍ਰਿੰਸੀਪਲਾਂ ਤੇ ਮੁਖੀਆਂ ਨੇ ਦੋਸ਼ ਲਗਾਇਆ ਕਿ ਉੱਥੋਂ ਦੀ ਪੁਲੀਸ ਨੇ ਅਸਲ ਦੋਸ਼ੀਆਂ ਨੂੰ ਫੜਨ ਦੀ ਵਜਾਏ ਸਬੰਧਤ ਸਕੂਲ ਦੇ ਪ੍ਰਬੰਧਕਾਂ ਵਿਰੁੱਧ ਪਰਚਾ ਦਰਜ ਕਰਕੇ ਬਿਨਾਂ ਕਿਸੇ ਤਫ਼ਤੀਸ਼ ਦੇ ਸਕੂਲ ਮਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਜੋ ਧੱਕੇਸ਼ਾਹੀ ਹੈ। ਸਕੂਲਾਂ ਦੇ ਮੁਖੀਆਂ ਦੇ ਨਾਲ ਨਾਲ ਪ੍ਰਬੰਧਕਾਂ ਨੇ ਵੀ ਇਹੀ ਦਲੀਲ ਦਿੱਤੀ ਸੀ਼।