ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 23 ਜੂਨ
ਇੱਥੋਂ ਨੇੜਲੇ ਪਿੰਡ ਮਲਕ ਨੂੰ ਜਾਂਦੀ ਸੜਕ ’ਤੇ ਡਰੇਨ ਕੋਲ ਨਵੀਨ ਬਣ ਰਹੀ ਕਲੋਨੀ ਦੇ ਇੱਕ ਉਸਾਰੀ ਅਧੀਨ ਮਕਾਨ ’ਚ ਪੱਥਰ ਲਗਾਉਣ ਦਾ ਕੰਮ ਕਰਨ ਵਾਲੇ ਇੱਕ ਬਿਹਾਰੀ ਮਜ਼ਦੂਰ ਦਾ ਬੀਤੀ ਰਾਤ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਮਜ਼ਦੂਰ ਦੀ ਖੂਨ ਨਾਲ ਲਥਪਥ ਲਾਸ਼ ਘਰ ’ਚੋਂ ਬਰਾਮਦ ਕਰ ਪੁਲੀਸ ਨੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ ਜਦਕਿ ਮ੍ਰਿਤਕ ਮਜ਼ਦੂਰ ਦਾ ਇੱਕ ਸਾਥੀ ਗਾਇਬ ਹੈ।
ਇਸ ਸਬੰਧੀ ਮਕਾਨ ਮਾਲਕ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪ ਅਜੇ ਮੁਹੱਲਾ ਆਤਮ ਨਗਰ ’ਚ ਕਿਰਾਏ ’ਤੇ ਰਹਿੰਦਾ ਹੈ। ਇਸ ਕਲੋਨੀ ਵਿੱਚ ਉਸਨੇ ਜਗ੍ਹਾ ਲੈ ਕੇ ਆਪਣਾ ਨਵਾਂ ਮਕਾਨ ਬਣਾਉਣਾ ਸ਼ੁਰੂ ਕੀਤਾ ਹੋਇਆ ਹੈ। ਇਸ ਵਿੱਚ ਪੱਥਰ ਦਾ ਕੰਮ ਚੱਲਦਾ ਹੋਣ ਕਾਰਨ ਉਮੇਸ਼ ਸਾਹੂ ਨਾਮ ਦਾ ਮਜ਼ਦੂਰ ਆਪਣੇ ਸਾਥੀ ਰਮੇਸ਼ ਨਾਲ ਰਹਿੰਦਾ ਸੀ। ਅੱਜ ਸਵੇਰੇ ਜਦੋਂ ਉਹ, ਉਮੇਸ਼ ਸਾਹੂ ਦੇ ਪਿਤਾ ਜਗਦੀਸ਼ ਸਾਹੂ ਨਾਲ ਉਕਤ ਮਕਾਨ ’ਚ ਆਇਆ ਤਾਂ ਦੇਖਿਆ ਕਿ ਮਕਾਨ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਜਦੋਂ ਉਹ ਪੌੜੀ ਲਗਾ ਕੇ ਅੰਦਰ ਦਾਖਲ ਹੋਏ ਤਾਂ ਦੇਖਿਆ ਕਿ ਉਮੇਸ਼ ਦੀ ਖੂਨ ਨਾਲ ਲਥਪਥ ਲਾਸ਼ ਪਈ ਸੀ ਅਤੇ ਰਮੇਸ਼ ਘਰ ’ਚ ਨਹੀਂ ਸੀ। ਗੁਰਵਿੰਦਰ ਸਿੰਘ ਨੇ ਸ਼ੱਕ ਜ਼ਾਹਰ ਕੀਤਾ ਕਿ ਦੋਵੇਂ ਰਮੇਸ਼ ਅਤੇ ਉਮੇਸ਼ ਸ਼ਰਾਬ ਪੀਣ ਦੇ ਆਦੀ ਸਨ ਤੇ ਹੋ ਸਕਦਾ ਹੈ ਕਿਸੇ ਗੱਲੋਂ ਹੋਏ ਝਗੜੇ ’ਚ ਉਮੇਸ਼ ਦੀ ਜਾਨ ਚਲੀ ਗਈ ਹੋਵੇ।
ਮੌਕੇ ’ਤੇ ਥਾਣਾ ਸਦਰ ਦੇ ਏਐੱਸਆਈ ਅਨਵਰ ਮਸੀਹ ਪੁਲੀਸ ਪਾਰਟੀ ਨਾਲ ਪਹੁੰਚੇ ਤੇ ਲਾਸ਼ ਪੋਸਟਮਾਰਟਮ ਲਈ ਸਥਾਨਕ ਸਿਵਲ ਹਸਪਤਾਲ ’ਚ ਭੇਜੀ ਅਤੇ ਘਟਨਾ ਸਥਾਨ ਤੋਂ ਮੌਤ ਨਾਲ ਜੁੜੇ ਤੱਥ ਇਕੱਤਰ ਕਰਨ ਤੋਂ ਬਾਅਦ ਅਗਲੇਰੀ ਕਾਰਵਾਈ ਆਰੰਭੀ। ਇੱਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਉਮੇਸ਼ ਅਤੇ ਰਮੇਸ਼ ਦੋਵੇਂ ਬਿਹਾਰ ਦੇ ਰਹਿਣ ਵਾਲੇ ਹਨ ਅਤੇ ਲੰਬੇ ਸਮੇਂ ਤੋਂ ਇੱਥੇ ਰਹਿ ਕੇ ਪੱਥਰ ਲਗਾਉਣ ਦਾ ਕੰਮ ਕਰਦੇ ਸਨ। ਇਸ ਦੌਰਾਨ ਏਐੱਸਆਈ ਅਨਵਰ ਮਸੀਹ ਨੇ ਆਖਿਆ ਕਿ ਜਿੰਨੀ ਦੇਰ ਰਮੇਸ਼ ਪੁਲੀਸ ਦੇ ਹੱਥ ਨਹੀਂ ਲੱਗਦਾ, ਉੱਨੀ ਦੇਰ ਉਮੇਸ਼ ਦੇ ਕਤਲ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ।