ਗਗਨਦੀਪ ਅਰੋੜਾ
ਲੁਧਿਆਣਾ, 7 ਅਕਤੂਬਰ
ਸਨਅਤੀ ਸ਼ਹਿਰ ਦੇ ਕੈਲਾਸ਼ ਸਿਨੇਮਾ ਰੋਡ ਦੇ ਪਿੱਛੇ ਸਿਵਲ ਲਾਈਨ ਇਲਾਕੇ ਵਿੱਚ ਨਾਲੇ ਦੇ ਉਪਰ ਬਣੀ ਪੁਲੀ ਟਰੱਕ ਦੇ ਲੰਘਣ ਕਾਰਨ ਅਚਾਨਕ ਟੁੱਟ ਗਈ। ਚੌਲਾਂ ਨਾਲ ਭਰਿਆ ਟਰੱਕ ਪੁੱਲੀ ’ਚ ਫਸ ਗਿਆ, ਪਰ ਕੁਝ ਦੇਰ ਬਾਅਦ ਕਰੇਨ ਨਾਲ ਉਸ ਨੂੰ ਕੱਢ ਦਿੱਤਾ ਗਿਆ। ਉਧਰ ਨਗਰ ਨਿਗਮ ਨੇ ਪੁਲੀ ਨੂੰ ਦੋਵੇਂ ਪਾਸਿਓਂ ਬੰਦ ਕਰ ਕੇ ਟਰੈਫਿਕ ਨੂੰ ਦੂਸਰੀ ਪੁਲੀ ਤੋਂ ਕੱਢਣਾ ਸ਼ੁਰੂ ਕਰ ਦਿੱਤਾ ਹੈ। ਦਰਅਸਲ, ਕੈਲਾਸ਼ ਸਿਨੇਮਾ ਤੇ ਦੋਮੋਰੀਆ ਪੁਲ ਦੇ ਵੱਲ ਮੀਂਹ ਦੇ ਪਾਣੀ ਲਈ ਬਣੇ ਨਾਲੇ ਦੇ ਉਪਰ ਕਾਫ਼ੀ ਸਮੇਂ ਤੋਂ ਛੱਤ ਪਾ ਕੇ ਪੁਲੀ ਬਣਾਈ ਗਈ ਹੈ। ਮੁਹੱਲੇ ਵਾਲਿਆਂ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਬੁੱਧਵਾਰ ਦੀ ਦੇਰ ਰਾਤ ਨੂੰ ਚੌਲਾਂ ਦਾ ਭਰਿਆ ਟਰੱਕ ਕੈਲਾਸ਼ ਸਿਨੇਮਾ ਚੌਕੀ ਦੇ ਸਾਹਮਣੇ ਵਾਲੀ ਪੁਲੀ ਤੋਂ ਲੰਘ ਰਿਹਾ ਸੀ ਕਿ ਅਚਾਨਕ ਟਰੱਕ ਦੇ ਅਗਲੇ ਟਾਇਰ ਥੱਲੇ ਧੱਸਣ ਲੱਗੇ। ਡਰਾਈਵਰ ਨੂੰ ਪਹਿਲਾਂ ਸਮਝ ਨਹੀਂ ਆਇਆ, ਪਰ ਜਦੋਂ ਅੱਗੇ ਦਾ ਪੂਰਾ ਟਾਇਰ ਥੱਲੇ ਚਲੇ ਗਿਆ ਤਾਂ ਉਹ ਬਾਹਰ ਨਿਕਲ ਗਿਆ। ਉਸ ਤੋਂ ਬਾਅਦ ਪੂਰੀ ਰਾਤ ਟਰੱਕ ਉਥੇਂ ਖੜ੍ਹਾ ਰਿਹਾ ਤੇ ਸਵੇਰੇ ਕਰੇਨ ਰਾਹੀਂ ਟਰੱਕ ਬਾਹਰ ਕੱਢਿਆ ਗਿਆ। ਦੁਪਹਿਰ ਤੱਕ ਨਗਰ ਨਿਗਮ ਅਫ਼ਸਰਾਂ ਨੂੰ ਇਸ ਦੀ ਸੂਚਨਾ ਮਿਲੀ ਤਾਂ ਓਐਂਡਐੱਮ ਬ੍ਰਾਂਚ ਦੇ ਅਧਿਕਾਰੀ ਮੌਕੇ ’ਤੇ ਪੁੱਜ ਗਏ। ਅਫ਼ਸਰਾਂ ਨੇ ਦੋਵੇਂ ਪਾਸਿਓਂ ਪੁਲੀ ਨੂੰ ਬੰਦ ਕਰਵਾ ਦਿੱਤਾ ਤੇ ਹੁਣ ਪੁਲੀ ਦੀ ਸਲੈਬ ਨੂੰ ਤੋੜਨ ਦੀ ਯੋਜਨਾ ਬਣਾਈ ਜਾ ਰਹੀ ਹੈ। ਜਿਸ ਤੋਂ ਬਾਅਦ ਇਸ ਪੁਲੀ ’ਤੇ ਦੁਬਾਰਾ ਸਲੈਬ ਪਾਈ ਜਾਵੇਗੀ। ਜਿਸ ਵਿੱਚ ਨਗਰ ਨਿਗਮ ਦੇ ਮੁਲਾਜ਼ਮ ਲੱਗ ਗਏ ਹਨ, ਇਸ ਦੇ ਨਾਲ ਹੀ ਇਸ ਕਰਕੇ ਹੁਣ ਇਲਾਕਾ ਵਾਸੀਆਂ ਨੂੰ ਵੀ ਕਾਫ਼ੀ ਦਿਨ ਪ੍ਰੇਸ਼ਾਨੀ ਝੱਲਣੀ ਪਵੇਗੀ।
ਪੰਜ ਮਹੀਨੇ ਤੋਂ ਤੋੜੀ ਗਈ ਘੰਟਾ ਘਰ ਰੋਡ ਵਾਲੀ ਸੜਕ ਦਾ ਕੰਮ ਸ਼ੁਰੂ
ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਸਨਅਤੀ ਸ਼ਹਿਰ ਦੇ ਘੰਟਾ ਘਰ ’ਚ ਪੰਜ ਮਹੀਨੇ ਤੋਂ ਤੋੜੀ ਗਈ ਸੜਕ ਬਣਾਉਣ ਦਾ ਕੰਮ ਆਖਰਕਾਰ ਸ਼ੁਰੂ ਹੋ ਗਿਆ। ਹਫ਼ਤਾ ਪਹਿਲਾਂ ਕੀਤੀ ਗਈ ਮੀਟਿੰਗ ’ਚ ਕੈਬਨਿਟ ਮੰਤਰੀ ਭਾਰਤ ਭੂਸਣ ਆਸ਼ੂ, ਮੇਅਰ ਬਲਕਾਰ ਸੰਧੂ ਤੇ ਨਿਗਮ ਕਮਿਸ਼ਨਰ ਪ੍ਰਦੀਪ ਸੱਭਰਵਾਲ ਨੇ ਕਲਾਸ ਲਗਾਉਣ ਤੋਂ ਬਾਅਦ ਵੀ ਜਦੋਂ ਬੀਐਂਡਆਰ ਬ੍ਰਾਂਚ ਦੇ ਅਫ਼ਸਰਾਂ ਨੇ ਘੰਟਾ ਘਰ ਰੋਡ ਨਹੀਂ ਬਣਾਈ ਤਾਂ ਮੇਅਰ ਨੇ ਅਫ਼ਸਰਾਂ ਦੀ ਦੁਬਾਰਾ ਕਲਾਸ ਲਗਾਈ। ਅਫ਼ਸਰਾਂ ਨੇ ਮੇਅਰ ਬਲਕਾਰ ਸੰਧੂ ਨੂੰ ਭਰੋਸਾ ਦਿੱਤਾ ਸੀ ਕਿ ਸੜਕ ਵੀਰਵਾਰ ਸਵੇਰ ਤੱਕ ਬਣ ਕੇ ਤਿਆਰ ਹੋ ਜਾਵੇਗੀ। ਮੇਅਰ ਰਾਤ ਨੂੰ ਖੁਦ ਘੰਟਾ ਘਰ ਚੌਕ ਪੁੱਜੇ ਤੇ ਉਥੇਂ ਸੜਕ ਬਣਾਉਣ ਦੇ ਕੰਮ ਦਾ ਜਾਇਜ਼ਾ ਲਿਆ। ਅਫ਼ਸਰਾਂ ਨੇ ਸੜਕ ਦਾ ਇੱਕ ਹਿੱਸਾ ਤਿਆਰ ਕਰਵਾਇਆ, ਪਰ ਦੂਸਰਾ ਹਿੱਸਾ ਤਿਆਰ ਨਹੀਂ ਕਰਵਾ ਸਕੇ। ਅਫ਼ਸਰਾਂ ਦੀ ਮੰਨੀਏ ਤਾਂ ਸੜਕ ਦਾ ਦੂਸਰਾ ਹਿੱਸਾ ਵੀ ਵੀਰਵਾਰ ਦੀ ਰਾਤ ਨੂੰ ਤਿਆਰ ਕਰ ਦਿੱਤਾ ਜਾਵੇਗਾ। ਘੰਟਾ ਘਰ ਰੋਡ ਸ਼ਹਿਰ ਦੀ ਵੱਧ ਆਵਾਜਾਈ ਵਾਲੀ ਸੜਕ ਹੈ। ਇਸ ਲਈ ਸੜਕ ਰੋਕ ਕੇ ਕੰਮ ਨਹੀਂ ਕਰਵਾਇਆ ਜਾ ਸਕਦਾ।ਇਸ ਲਈ ਅਫ਼ਸਰਾਂ ਦਾ ਕਹਿਣਾ ਹੈ ਕਿ ਟ੍ਰੈਫਿਕ ਸਮੱਸਿਆ ਨਾ ਹੋਵੇ, ਇਸ ਲਈ ਉਹ ਸੜਕ ਰਾਤ ਨੂੰ ਬਣਾਉਣ ਦਾ ਫੈਸਲਾ ਕਰ ਚੁੱਕੇ ਸਨ। ਮੇਅਰ ਬਲਕਾਰ ਸੰਧੂ ਨੇ ਦੱਸਿਆ ਕਿ ਸ਼ਹਿਰ ਦੀਆਂ ਸੜਕਾਂ ’ਤੇ 90 ਫੀਸਦੀ ਪੈਚਵਰਕ ਹੋ ਗਿਆ ਹੈ। ਇਸ ਹਫ਼ਤੇ ਸ਼ਹਿਰ ਦੀਆਂ ਸਾਰੀਆਂ ਪ੍ਰਮੁੱਖ ਸੜਕਾਂ ਨੂੰ ਠੀਕ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕਰੋੜਾਂ ਰੁਪਏ ਦੇ ਵਰਕ ਆਰਡਰ ਜਾਰੀ ਕਰ ਦਿੱਤੇ ਗਏ ਹਨ, ਜਿਨ੍ਹਾਂ ’ਤੇ ਇਸ ਮਹੀਨੇ ਕੰਮ ਹੋਣਾ ਹੈ।