ਸਤਵਿੰਦਰ ਬਸਰਾ
ਲੁਧਿਆਣਾ, 31 ਦਸੰਬਰ
ਕਰੋਨਾ ਕਾਲ ਦੇ ਬਾਅਦ ਵੀ ਲੇਖਕਾਂ ਦਾ ਗੜ੍ਹ ਮੰਨੇ ਜਾਂਦੇ ਪੰਜਾਬੀ ਭਵਨ ਦੇ ਵਿਹੜੇ ਵਿੱਚ ਖੁੱਲ੍ਹੇ ਬੁੱਕ ਬਾਜ਼ਾਰ ਦੀਆਂ ਰੌਣਕਾਂ ਵਾਪਸ ਨਹੀਂ ਪਰਤੀਆਂ। ਗਾਹਕਾਂ ਦੀ ਕਮੀ ਕਰਕੇ ਦੁਕਾਨਦਾਰਾਂ ਨੂੰ ਆਪਣੀਆਂ ਜੇਬ੍ਹਾਂ ਵਿੱਚੋਂ ਹੀ ਕਿਰਾਇਆ ਦੇਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਪੰਜਾਬੀ ਭਵਨ ਦਾ ਪੂਰਾ ਪ੍ਰਬੰਧ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਬੰਧਕਾਂ ਵੱਲੋਂ ਕੀਤਾ ਜਾਂਦਾ ਹੈ ਪਰ ਕਰੋਨਾ ਮਹਾਮਾਰੀ ਕਰਕੇ ਨਾ ਤਾਂ ਪੰਜਾਬੀ ਸਾਹਿਤ ਅਕਾਦਮੀ ਦੀਆਂ ਚੋਣਾਂ ਹੋਈਆਂ ਅਤੇ ਨਾ ਹੀ ਪੰਜਾਬੀ ਭਵਨ ਵਿੱਚ ਜ਼ਿਆਦਾ ਸਾਹਿਤਕ ਗਤੀਵਿਧੀਆਂ। ਅਜਿਹਾ ਹੋਣ ਕਾਰਨ ਇੱਥੇ ਲੇਖਕਾਂ, ਪਾਠਕਾਂ ਲਈ ਖੋਲ੍ਹੇ ਗਏ ਬੁੱਕ ਬਾਜ਼ਾਰ ਦੀ ਰੌਣਕ ਵੀ ਨਾਮਾਤਰ ਹੀ ਰਹਿ ਗਈ ਸੀ, ਜਿਸ ਕਰਕੇ ਕਈ ਦੁਕਾਨਦਾਰਾਂ ਨੂੰ ਕਿਰਾਇਆ ਕੱਢਣਾ ਵੀ ਮੁਸ਼ਕਲ ਹੋ ਗਿਆ ਅਤੇ ਉਨ੍ਹਾਂ ਨੂੰ ਆਪਣੇ ਪੱਲਿਓਂ ਕਿਰਾਏ ਦੇ ਪੈਸੇ ਦੇਣੇ ਪੈ ਰਹੇ ਹਨ। ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਦੇ ਮਾਸਟਰ ਹਰੀਸ਼ ਮੋਦਗਿੱਲ ਨੇ ਕਿਹਾ ਕਿ ਕਰੋਨਾ ਕਰਕੇ ਜਿੱਥੇ ਲੰਮਾ ਸਮਾਂ ਬੰਦ ਰਿਹਾ ਉੱਥੇ ਲੇਖਕਾਂ ਦੀ ਪੰਜਾਬੀ ਭਵਨ ਵਿੱਚ ਆਮਦ ਵੀ ਬਹੁਤ ਘੱਟ ਰਹੀ। ਇਸ ਦੌਰਾਨ ਗਾਹਕ ਵੀ ਨਾਮਾਤਰ ਹੀ ਰਹੇ ਹਨ। ਪੀਸੀ ਗੁਲੇਰੀਆ ਦੇ ਪ੍ਰਵੀਨ ਕੁਮਾਰ ਛਾਬੜਾ ਨੇ ਕਿਹਾ ਕਿ ਅਕਾਦਮੀ ਦੇ ਨਾਲ-ਨਾਲ ਹੋਰ ਲੋਕਾਂ ਨੇ ਵੀ ਪੰਜਾਬੀ ਭਵਨ ਵਿੱਚ ਘੱਟ ਹੀ ਸਮਾਗਮ ਕਰਵਾਏ। ਇਸ ਦੀ ਇੱਕ ਵਜ੍ਹਾ ਹਾਲ ਦਾ ਕਿਰਾਇਆ ਵੱਧ ਹੋਣਾ ਵੀ ਮੰਨਿਆ ਜਾ ਰਿਹਾ ਹੈ। 11 ਦੁਕਾਨਾਂ ਵਿੱਚੋਂ 8 ਦੁਕਾਨਾਂ ਖਾਲੀ ਪਈਆਂ ਹਨ, ਜਿਨ੍ਹਾਂ ਨੂੰ ਪਹਿਲ ਦੇ ਅਧਾਰ ’ਤੇ ਕਿਰਾਏ ’ਤੇ ਚੜ੍ਹਾ ਕੇ ਅਕਾਦਮੀ ਨੂੰ ਆਰਥਿਕ ਪੱਖੋਂ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ। ਬੁੱਕ ਬਾਜ਼ਾਰ ਵਿੱਚ ਗਾਹਕਾਂ ਦੀ ਆਮਦ ਘੱਟ ਹੋਣ ਕਰਕੇ ਉਨ੍ਹਾਂ ਵੱਲੋਂ ਅਕਾਦਮੀ ਪ੍ਰਬੰਧਕਾਂ ਨੂੰ ਕਿਰਾਏ ਵਿੱਚ ਕੁੱਝ ਰਿਆਇਤ ਕਰਨ ਦੀ ਅਪੀਲ ਵੀ ਕੀਤੀ ਸੀ ਪਰ ਇਸ ਪਾਸੇ ਕੁੱਝ ਨਹੀਂ ਕੀਤਾ ਗਿਆ। ਕਿਰਾਇਆ ਨਾ ਦੇ ਸਕਣ ਕਰਕੇ ਇੱਕ ਕਨਟੀਨ ਵਾਲਾ ਦੁਕਾਨ ਖਾਲੀ ਕਰਕੇ ਕਿਤੇ ਹੋਰ ਚਲਾ ਗਿਆ ਹੈ। ਹੁਣ ਅਕਾਦਮੀ ਦੀਆਂ 30 ਜਨਵਰੀ ਨੂੰ ਚੋਣਾਂ ਹੋ ਰਹੀਆਂ ਹਨ, ਜਿਸ ਵਿੱਚ ਬੁੱਕ ਬਾਜ਼ਾਰ ਦਾ ਮੁੱਦਾ ਵੀ ਗਰਮਾਉਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।