ਪੱਤਰ ਪ੍ਰੇਰਕ
ਜਗਰਾਉਂ, 4 ਜੁਲਾਈ
ਇੱਥੋਂ ਦੇ ਰਾਏਕੋਟ ਰੋਡ ’ਤੇ ਚੁੰਗੀ ਨੰਬਰ 7 ਭਗਵਾਨ ਬਾਲਮੀਕਿ ਮੰਦਰ ਕੋਲ ਰਹਿਣ ਵਾਲੇ ਰਾਜ ਕੁਮਾਰ ਉਰਫ ਰਾਜੂ ਦੀ ਗਲਾ ਵੱਢੀ ਹੋਈ ਲਾਸ਼ ਢੁੱਡੀਕੇ-ਅਜੀਤਵਾਲ ਰਜਵਾਹੇ ਵਿੱਚੋਂ ਮਿਲੀ ਹੈ। ਜਾਣਕਾਰੀ ਮੁਤਾਬਿਕ ਰਜਵਾਹੇ ਦੇ ਨੇੜਲੇ ਖੇਤਾਂ ਵਾਲਿਆਂ ਨੇ ਰਜਵਾਹੇ ’ਚ ਇਕ ਲਾਸ਼ ਦੇਖੀ ਤੇ ਅਜੀਤਵਾਲ ਪੁਲੀਸ ਨੂੰ ਸੂਚਿਤ ਕਰ ਦਿੱਤਾ। ਇਸ ਮਗਰੋਂ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ। ਦੂਜੇ ਪਾਸੇ ਘਟਨਾ ਬਾਰੇ ਪਤਾ ਲੱਗਣ ’ਤੇ ਮ੍ਰਿਤਕ ਦੀ ਪਤਨੀ ਜੋ ਕਿ ਨਗਰ ਕੌਂਸਲ ‘ਚ ਸਫਾਈ ਸੇਵਕਾ ਵਜੋਂ ਕੰਮ ਕਰਦੀ ਹੈ, ਨੇ ਦੱਸਿਆ ਕਿ ਸ਼ਨਿਚਰਵਾਰ ਨੂੰ ਡਿਊਟੀ ਖਤਮ ਹੋਣ ਤੋਂ ਬਾਅਦ ਉਹ ਘਰ ਨਹੀਂ ਆਇਆ ਸੀ। ਉਧਰ ਪੁਲੀਸ ਨੇ ਲਾਸ਼ ਦੀ ਸ਼ਨਾਖਤ ਕਰਵਾਉਣ ਤੋਂ ਬਾਅਦ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ। ਉਧਰ ਅਜੀਤਵਾਲ ਪੁਲੀਸ ਦੇ ਨਾਲ ਜਗਰਾਉਂ ਪੁਲੀਸ ਵੀ ਹੋਏ ਕਤਲ ਦੀ ਜਾਂਚ ਵਿੱਚ ਜੁੱਟ ਗਈ ਹੈ ।